ਲੁਕਣ ਮੀਟੀ
ਪਿੰਡ ਤੋਂ ਬਾਹਰ ਨਹਿਰ ਕਿਨਾਰੇ,
ਜੁੜਦੀ ਸੀ ਮਿੱਤਰਾਂ ਦੀ ਢਾਣੀ,
ਪਿੰਦਰ, ਮਿੰਟੂ, ਰਾਜੂ , ਬੱਬੂ.
ਸੁੱਖੀ , ਤਰਨਾ, ਸਾਰੇ ਹਾਣੀ।
ਖੇਡੇ ਸੀ ਜਦੇ ਬਾਂਦਰ ਕਿੱਲਾ,
ਭੰਡਾ ਭੰਡਾਰੀਆ, ਲੁਕਣ ਮੀਟੀ,
ਬਚਪਨ ਦੀਆਂ ਯਾਦਾਂ ਵਿਚ ਲੈ ਗੀ,
ਰੇਲ ਵਾਲੇ ਇੰਜਣ ਦੀ ਸੀਟੀ।
ਪਿੱਪਲ, ਤੂਤ, ਪੰਡਤਾਂ ਕੀ ਜਾਮਣ,
ਕੱਠੇ ਸਾਰੇ ਯਾਦ ਆ ਗਏ,
ਅੰਬ ਅਮਰੂਦ ਦੇ ਬਾਗ ਬਗੀਚੇ,
ਇਕ ਵਾਰੀ ਫਿਰ ਦਿਲ ਤੇ ਛਾ ਗਏ।
ਮਾਂ ਦੇ ਹੱਥ ਵਾਲੀ ਘਿਉ ਮਖਣੀ,
ਦਾਦਾ ਜੀ ਦੀ ਘੂਰ ਪਿਆਰੀ,
ਬਾਪੂ ਦੇ ਮੋਢਿਆਂ ਦੇ ਝੂਟੇ,
ਹੁੰਦੀ ਸੀ ਸਾਡੀ ਅਸਵਾਰੀ।
ਗੱਲ ਗੱਲ ਤੇ ਹੁੰਦੀਆਂ ਸੀ ਝੜਪਾਂ,
ਪਿੱਛੋਂ ਹੋਣੀਆਂ ਰੁੱਸਣ ਮਨਾਈਆਂ।
ਭੈਣ ਭਰਾ ਸਭ ਯਾਦ ਆ ਗਏ,
ਯਾਦਾਂ ਜਦ ਬਚਪਨ ਦੀਆਂ ਆਈਆਂ।
ਕੋਈ ਫਿਕਰ ਨਾ ਫਾਕੇ ਸੀ,
ਦੁਨੀਆਂ ਸੀ ਖੁਸ਼ੀਆਂ ਦਾ ਮੇਲਾ।
ਫਿਰ ਦੇਖਣ ਨੂੰ ਦਿਲ ਏ ਕਰਦਾ,
ਪਿੰਡ ਦੀ ਜੂਹ ਦਾ ਰੌਣਕ ਮੇਲਾ।
ਚੱਲ ਨੀ ਗੱਡੀਏ ਛੇਤੀ ਛੇਤੀ,
ਪਿੰਡ ਮੇਰੇ ਵੱਲ ਚਾਲੇ ਪਾ,
ਇੱਕ ਵਾਰੀ ਫਿਰ ਬਚਪਨ ਜੀਣ ਨੂੰ,
ਅੱਜ ਏ "ਪ੍ਰੀਤ" ਦਾ ਜੀਅ ਕਰਦਾ।
http://preetludhianvi.blogspot.in/
|