ਜੱਦ ਦਾ ਪੁੱਤਰ ਬਾਹਰ ਗਿਆ ਏ
ਖਾਲੀ ਹੋ ਘਰ ਬਾਹਰ ਗਿਆ ਏ
ਝੂਠੇ ਹੱਸੇ ਹੱਸਦੀ ਐਥੇ
ਮਾਂ ਲੋਕਾਂ ਨੂੰ ਦੱਸਦੀ ਐਥੇ..
ਡਾਲਰ ਪੌਂਡ ਕਮਾਉਂਦੈ ਸੋਹਣਾ
ਓੁਥੇ ਦਫਤਰ ਜਾਂਦੈ ਸੋਹਣਾ..
ਉੱਚੀ ਕੋਠੀ ਪਾ ਬੈਠੀ ਹਾਂ
ਸੋਹਣਾ ਘਰ ਬਣਾ ਬੈਠੀ ਹਾਂ..
ਕੁੱਲੀ ਛੱਡਕੇ ਕੋਠੀ ਪਾਈ ਐ
ਕੀਤੀ ਸਾਰੀ ਓਸ ਕਮਾਈ ਐ..
ਪਿਉ ਦਾ ਭਾਰ ਉੱਠਾ ਲਿਐ ਸੋਹਣੇ
ਕਿੰਨਾਂ ਈ ਕੁਝ ਕਮਾ ਲਿਐ ਸੋਹਣੇ..
ਜੱਦ ਵੀ ਸ਼ਹਿਰ ਮੈਂ ਜਾਂਨੀ ਆਂ
ਲੱਖਾਂ ਦੇ ਵਿੱਚ ਲਿਆਂਨੀ ਆਂ..
ਹੁਣ ਕਾਹਦਾ ਪਰਦੇਸ ਨੀ ਅੜੀਏ
ਬਾਹਰ ਵੀ ਆਪਣਾ ਦੇਸ ਨੀ ਅੜੀਏ..
ਜੱਦ ਵੀ ਕੋਈ ਮਜ਼ਬੂਰੀ ਹੋਵੇ
ਓਹਦਾ ਆਉਣ ਜਰੂਰੀ ਹੋਵੇ..
8 ਘੰਟੇ ਵਿੱਚ ਆ ਜਾਂਦਾ ਐ
ਸਾਰੇ ਕੰਮ ਨਿਪਟਾ ਜਾਂਦਾ ਐ..
ਐਨੇ ਵਿਚ 2 ਹੰਝੂ ਵਹਿ ਪਏ
ਇੰਝ ਲੱਗਿਆ ਜਿਵੇਂ ਬੋਲਣ ਡਹਿ ਪਏ..
ਫਿਰ ਮਾਂ ਸੱਚ ਸੱਚ ਬੋਲਣ ਲੱਗ ਪਈ
ਦਿਲ ਦੇ ਜ਼ਖਮ ਫਰੋਲਣ ਲੱਗ ਪਈ..
ਬਾਹਰੋਂ ਬਾਹਰੀ ਜਿਓਂਦੀ ਹਾਂ ਅੜੀਏ
ਅੰਦਰੋਂ ਤਾਂ ਉਹ ਮਾਰ ਗਿਆ ਏ..
ਜੱਦ ਦਾ ਪੁੱਤਰ ਬਾਹਰ ਗਿਆ ਏ
ਖਾਲੀ ਹੋ ਘਰ ਬਾਹਰ ਗਿਆ ਏ..
ਰੋਟੀ ਠੰਡੀ ਖਾਂਦਾ ਨਹੀਂ ਸੀ
ਕੱਪੜੇ ਗੰਦੇ ਪਾਉਂਦਾ ਨਹੀਂ ਸੀ..
ਨੀੰਦਰ ਦਾ ਬੜਾ ਪੱਕਾ ਸੀ ਉਹ
ਸੁਬਹ ਮਸੀਤੀ ਜਾਂਦਾ ਨਹੀਂ ਸੀ..
ਐਨਾ ਗੁੱਸਾ ਕਰਦਾ ਸੀ ਉਹ
ਗੱਲ ਗੱਲ ਉੱਤੇ ਲੜਦਾ ਸੀ ਉਹ..
ਓਥੇ ਕਿਸ ਨਾਲ ਲੜਦਾ ਹੋਊ
ਕਿਵੇਂ ਗੁਜ਼ਾਰਾ ਕਰਦਾ ਹੋਊ..
ਇਹ ਗ਼ਮ ਦਿਲ ਨੂੰ ਠਾਰ੍ਹ ਗਿਆ ਏ
ਜੱਦ ਦਾ ਪੁੱਤਰ ਬਾਹਰ ਗਿਆ ਏ,
ਖਾਲੀ ਹੋ ਘਰ ਬਾਹਰ ਗਿਆ ਏ..
6 ਮਹੀਨੇ ਪਹਿਲਾਂ ਆਇਆ ਸੀ ਉਹ
ਆਪਣੇ ਈ ਘਰ ਪਰਾਇਆ ਸੀ ਉਹ..
ਹੁਣ ਰੋਟੀ ਠੰਡੀ ਖਾ ਲੈਂਦਾ ਹੈ
ਕੱਪੜੇ ਗੰਦੇ ਪਾ ਲੈਂਦਾ ਹੈ..
ਜਦ ਵੀ ਪੁਛਲੋ ਤੂੰ ਖੁਸ਼ ਐ
ਹੱਸਕੇ ਚੁੱਪ ਜਿਹਾ ਕਰ ਜਾਂਦਾ ਐ..
ਮੈਂ ਓਹਦੀ ਮਾਂ ਹਾਂ ਅੜੀਏ
ਅਦਬ ਦੀ ਓਹਦੀ ਥਾਂ ਆ ਅੜੀਏ..
ਮੇਰੇ ਅੱਗੇ ਬੋਲਦਾ ਨਹੀਂ ਉਹ,
ਹੰਝੂਆਂ ਦੇ ਦਰ ਖੋਲਦਾ ਨਹੀਂ ਉਹ,
ਮੈਂ ਦੁੱਖੀ ਨਾ ਹੋ ਜਾਂਵਾਂ,
ਹੱਸ ਹੱਸ ਵਕਤ ਗੁਜ਼ਾਰ ਗਿਆ ਏ..
ਜੱਦ ਦਾ ਪੁੱਤਰ ਬਾਹਰ ਗਿਆ ਏ
ਖਾਲੀ ਹੋ ਘਰ ਬਾਹਰ ਗਿਆ ਏ..
ਮੈਂ ਓਹਨੂੰ ਪਹਿਚਾਣ ਦੀ ਆਂ
ਮੈਂ ਤੇ ਹਰ ਗੱਲ ਜਾਣਦੀ ਆਂ..
ਅੱਖ ਓਹਲੇ ਪਰਦੇਸ ਨੀ ਅੜੀਏ
ਦੇਸ ਤਾਂ ਹੁੰਦਾ ਦੇਸ ਨੀ ਅੜੀਏ..
ਅੱਗ ਵਿੱਚ ਸੜ੍ਹਨ ਕਮਾਈਆਂ ਅੜੀਏ
ਪਾਈਆਂ ਜਿੰਨਾਂ ਜੁਦਾਈਆਂ ਅੜੀਏ..
ਹੁਣ ਤਾਂ ਐਹ ਇਰਾਦਾ ਕੀਤਾ
ਆਪਣੇ ਦਿਲ ਨਾਲ ਵਾਅਦਾ ਕੀਤਾ..
ਰੁੱਖਾ ਸੁੱਖਾ ਖਾ ਲਵਾਂਗੀ ਮੈਂ
ਵਾਪਿਸ ਪੁੱਤਰ ਬੁਲਾ ਲਵਾਂਗੀ ਮੈਂ..
ਵਾਪਿਸ ਪੁੱਤਰ ਬੁਲਾ ਲਵਾਂਗੀ ਮੈਂ....