ਰੂਹ ਮੇਰੀ ਦੇ ਆਰ-ਪਾਰ ਉਹ ਤੱਕਣ ਮਗਰੋਂ,
ਹੋਰ ਠਰ ਗਿਆ ਜਿਸਮਾਂ ਦੀ ਅੱਗ ਸੇਕਣ ਮਗਰੋਂ
ਉਹ ਲੋਕੀਂ ਹੁਣ ਸਮੇਂ ਦੀ ਅੱਖ ਦਾ ਸੁਰਮਾਂ ਹੋ ਗਏ,
ਇਸਦੇ ਅੰਦਰ ਕੰਕਰ ਵਾਂਗੂ ਰੜਕਣ ਮਗਰੋਂ
ਦੱਸ ਤੇਰੇ ਲਈ ਸਿਰ ਦਾ ਅਰਥ ਹੈ ਕੀ ਰਹਿ ਜਾਂਦਾ,
ਹਰ ਇਕ ਦਰ ਤੇ ਝੁਕ ਕੇ ਮੱਥਾ ਟੇਕਣ ਮਗਰੋਂ
ਆਪਣੇ ਮਸਤਕ ਵਿੱਚ ਇਕ ਸੂਰਜ ਸਾਂਭੀ ਰੱਖੀਂ,
ਤੇਰੇ ਹੀ ਕੰਮ ਆਵੇਗਾ ਇਹ ਆਥਣ ਮਗਰੋਂ
ਏਹੋ ਜਹੀ ਮਹੁੱਬਤ ਦੀ ਨਈਂ ਚਾਹਤ ਮੈਨੂੰ,
ਜੇ ਤੈਨੂੰ ਪਾਵਾਂ ਮੈਂ ਖ਼ੁਦ ਨੂੰ ਛੱਡਣ ਮਗਰੋਂ
ਆਪੇ ਸੰਗ ਇਕ ਹੋਰ ਗਿਲ਼ਾ ਹੈ ਮਿਟ ਗਿਆ ਮੇਰਾ,
ਦੀਵੇ ਹੇਠਾਂ ਘੁੱਪ ਹਨੇਰਾ ਦੇਖਣ ਮਗਰੋਂ
ਥੋੜਾ-ਬਹੁਤ ਤਾਂ ਉਹ ਵੀ ਲਾਜ਼ਮ ਤੜਫ਼ਿਆ ਹੋਣੈਂ,
ਨ਼ਮਕ ਮੇਰੇ ਅੱਲ਼ੇ ਜਖ਼ਮਾਂ ਤੇ ਛਿੜਕਣ ਮਗਰੋਂ
ਮੇਰੀ ਕੀਮਤ ਕੀ ਹੈ ਮੈਨੂੰ ਸਮਝ ਆ ਗਿਆ,
ਤੇਰੀ ਖ਼ਾਤਿਰ ਆਪਣੇ ਆਪ ਨੂੰ ਵੇਚਣ ਮਗਰੋਂ
ਤੇਰੇ ਸ਼ਾਹਵੇਂ ਰੱਖੇਗਾ ਕਿੰਨੇ ਹੀ ਚਿਹਰੇ,
ਕਦੋਂ ਸੁਭਾਅ ਛੱਡਦਾ ਹੈ ਸ਼ੀਸ਼ਾ ਟੁੱਟਣ ਮਗਰੋਂ
..................................ਨਿੰਦਰ