ਚਾਹੁੰਦਾ ਹਾਂ ਗਜ਼ਲ ਸਮਿਆਂ ਦੇ ਬਾਰੇ ਲਿਖ ਦਿਆਂ
ਕੁਝ ਅੱਖਰਾਂ ਨੂੰ ਫੁੱਲ ਕੁਝ ਨੂੰ ਨੂੰ ਤਾਰੇ ਲਿਖ ਦਿਆ
ਰਿਸ਼ਵਤਾਂ,ਸਿਆਸਤਾਂ,ਸਕੈਂਡਲਾਂ ਦੇ ਦੇਸ਼ ਵਿਚ
ਲੀਡਰਾਂ ਦੇ ਹੁੰਦੇ ਜੋ ਵਾਰੇ ਨਿਆਰੇ ਲਿਖ ਦਿਆਂ
ਇਹਨਾਂ ਰੁੱਖਾਂ ਉਤੇ ਕਦੇ ਸੀ ਹੁੰਦੀਆਂ ਹਰਿਆਲੀਆਂ
ਵੱਢ-ਟੁਕ ਤੇ ਸਾੜ-ਫੂਕ ਬੰਦੇ ਦੇ ਕਾਰੇ ਲਿਖ ਦਿਆ
ਬਿਲਡਿੰਗਾਂ ਤੇ ਬੰਗਲੇ ਇਹ ਉਚੀਆਂ ਇਮਾਰਤਾਂ
ਇਹਨਾਂ ਤੋਂ ਨੀਵੇਂ ਨੇ ਜੋ ਕੁੱਲੀਆਂ ਤੇ ਢਾਰੇ ਲਿਖ ਦਿਆਂ
ਉਮਰ ਭਰ ਤੁਰਦੇ ਰਹੇ ਭਾਵੇਂ ਜਿਹੜੇ ਨਾਲ ਨਾਲ
ਫਿਰ ਵੀ ਨਾ ‘ਕੱਠੇ ਹੋ ਸਕੇ ਦੋ ਕਿਨਾਰੇ ਲਿਖ ਦਿਆਂ
ਰੱਬ ਦੇ ਕਿੰਨੇ ਭਵਨ ਹੀ ਬੰਦੇ ਦੇ ਹੱਥੋਂ ਉਸਰੇ
ਚਰਚ,ਮੰਦਿਰ,ਮਸਜਿਦਾਂ ਅੱਜ ਸਾਰੇ ਲਿਖ ਦਿਆਂ
ਆਸ਼ਰਮ ਵਿਚ ਪਲ ਰਹੇ ਜਿਹੜੇ ਅਨਾਥ
ਉਹਨਾਂ ਤੋਂ ਖੁੱਸ ਗਏ ਕਿਉਂ ਸਹਾਰੇ ਲਿਖ ਦਿਆਂ
ਪੰਜ ਸਾਲਾਂ ਬਾਦ ਜਦ ਚੋਣਾਂ ਦਾ ਹੈ ਆਉਂਦਾ ਸਮਾਂ
ਸਰਕਾਰਾਂ ਵੱਲੋਂ ਲਾਏ ਜਾਂਦੇ ਢੇਰਾਂ ਲਾਰੇ ਲਿਖ ਦਿਆਂ
ਸੰਗਤਾਂ ਨੂੰ ਆਖਦੇ ਮੋਹ ਮਾਇਆ ਤੋਂ ਬਚਕੇ ਰਹੋ
ਬਾਬੇ ਜਿਹੜੇ ਮਾਣਦੇ ਐਸ਼ਾਂ ਨਜ਼ਾਰੇ ਲਿਖ ਦਿਆਂ
ਦਿਲ ਦਾ ਮਹਿਰਮ ਮਿਲ ਜਾਵੇ ਤਾਂ ਨਾਮ ਉਸਦੇ
ਅੰਬਰ,ਪ੍ਰਬਤ,ਧਰਤੀ,ਸਾਗਰ ਖਾਰੇ ਲਿਖ ਦਿਆਂ