ਮਾੜਾ ਰੋਗ ਅਵੱਲੇ ਦਾ
ਚਿੱਤ ਝੁਰਦਾ ਕੱਲਮ-ਕੱਲੇ ਦਾ
ਵਾਂਗ ਸਫ਼ੀਰਾਂ ਘੁੰਮਣਾ ਪੈਂਦਾ,
ਨਾਲ ਲਕੀਰਾਂ ਵਿੱਛਣਾਂ ਪੈਂਦਾ,
ਬਣ ਤਾਂਬਾ ਰਸ਼ਮੀ ਛੱਲੇ ਦਾ
ਸੱਧਰਾਂ ਦੀ ਚਾਦਰ ਦੇ ਤਕੀਏ,
ਕਰ ਸੋਚਾਂ, ਹੰਝੂ, ਭਿਉਂ ਜਾਂਦੇ,
ਮਜਨੂੰ ਦੇ ਬੁੱਲ੍ਹਾਂ ਨੂੰ ਖਬਰੇ,
ਕਿਸ ਤੋਪੇ ਨਾਲ ਸਿਉਂ ਜਾਂਦੇ,
ਦਰ ਦਰ ਲੱਭਣਾ ਹੋ ਜਾਂਦਾ
ਗਲੀਆਂ ਵਿੱਚ ਫਿਰਦੇ ਝੱਲੇ ਦਾ
'ਮੇਤੀ' ਦਿਲ ਦਾ ਲਾ ਲਾ ਲਾਰੇ
ਵਾਂਗ ਫ਼ਕੀਰਾਂ ਹੋ ਜਾਂਦਾ,
ਕੋਈ ਜੰਦਰਾ ਚੌੜੀਆਂ ਕਾਤਾਂ ਲਾ,
ਹੂੰਝ ਤਕਦੀਰਾਂ ਔਹ ਜਾਂਦਾ,
ਛੱਡ ਜਾਂਦਾ ਮਰਲਾ ਕੱਲਰ ਦਾ,
ਕੁੱਝ ਯਾਦਾਂ ਦੇ ਪੱਲ੍ਹੇ ਦਾ
ਨਹਿਰੀ ਵਾਹਨਾਂ ਨੂੰ ਵੀ ਜੀਕਣ
ਬਿਨ੍ਹ ਪਾਣੀ ਹਾਲਾ ਪੈ ਜਾਂਦਾ,
ਸੱਜਣਾਂ ਦੇ ਅਫਰੇਵੇਂ ਦੇ ਵਿੱਚ
ਚਿੱਤ ਜਾ, ਕਾਹਲਾ ਪੈ ਜਾਂਦਾ,
ਝੁਰਦਾ ਰਹਿੰਦਾ ਵਾਂਗ ਬਾਣੀਏ,
ਖਾਲੀ ਦਿਲ ਦੇ ਗੱਲੇ ਦਾ
ਆਉਂਦੇ ਹੁਸਨਾਂ ਦੇ ਸੌਦਾਗਰ,
ਖੁੱਲ੍ਹੀ ਬੋਲੀ ਲਾ ਜਾਂਦੇ
ਮੱਸਿਆ ਦੀ ਹੱਤਿਆ ਲਈ
ਜਿਉਂ ਦੀਵੇ, ਪੂਰਾ ਚੰਦ ਚੜ੍ਹਾ ਜਾਂਦੇ,
ਹੱਥ ਹੋ ਜਾਂਦਾ ਪਾੜਨ ਦੇ ਵਿੱਚ,
ਉਂਗਲ੍ਹਾਂ ਵਿਚਲੇ ਦੱਲੇ ਦਾ
ਮਾੜਾ ਰੋਗ ਅਵੱਲੇ ਦਾ,
ਚਿੱਤ ਝੁਰਦਾ ਕੱਲਮ-ਕੱਲੇ ਦਾ
ਵਾਂਗ ਸਫ਼ੀਰਾਂ ਘੁੰਮਣਾ ਪੈਂਦਾ,
ਨਾਲ ਲਕੀਰਾਂ ਵਿੱਛਣਾਂ ਪੈਂਦਾ,
ਬਣ ਤਾਂਬਾ ਰਸ਼ਮੀ ਛੱਲੇ ਦਾ
ਉਡੀਕ
ਉਡੀਕ
ਉਡੀਕ ਹੀ ਤਾਂ ਕਰ ਰਿਹਾ ਹਾਂ
ਜੋ ਤੂੰ ਆਪਣੀ ਆਖ਼ਰੀ
ਮਿਲਣੀ ਵੇਲੇ ਕਿਹਾ ਸੀ
ਪਿਆਲੇ ਦਾ ਆਦੀ 'ਨਾ'
ਮੈਕ਼ਦੇ ਚ’ ਰਹਿ ਰਿਹਾ ਹਾਂ
ਜਿਸਦਾ ਪਤਾ
ਕਿਸੇ ਸ਼ਰਾਬੀ ਤੋਂ ਲਿਆ ਸੀ
ਤੇਰੇ ਰੂਪ ਦਾ ਸ਼ੌਕੀਨ
ਤੈਨੂੰ ਚਾਹੁਣ ਦਾ ਅਪਰਾਧੀ ਸਾਂ
ਤੈਨੂੰ ਪਾਉਣ ਦਾ ਸਵਾਦ
ਤੇਰੇ ਮਿਲਣੇ ਤੇ ਪਿਆ ਸੀ
ਉਸ ਨਿੰਮ ਹੇਠ ਬੈਠਦਾ ਹਾਂ
ਤੇਰੇ ਨਾਂ ਨੂੰ ਤਰਾਸ਼ਦਾ ਹਾਂ
ਲੱਗੀਆਂ ਦੇ ਵੇਲੇ
ਜੋ ਬੜੀ ਚਰਚਾ ਚ’ ਰਿਹਾ ਸੀ
ਬੱਤੀ ਦੇ ਚਾਨਣੇ ਚ’
ਪਹਿਲਾ ਖ਼ੱਤ ਪੜ੍ਹ ਰਿਹਾ ਹਾਂ
ਜਿਸਦੇ ਅਖ਼ੀਰ
ਤੂੰ ਮਿਲਣੇ ਨੂੰ ਕਿਹਾ ਸੀ
ਬਾਹਰੋਂ ਦੀਵਾ ਬੁੱਝ ਰਿਹਾ ਹੈ
ਤੇ ਮੈਂ ਅੰਦਰੋਂ ਜਲ ਰਿਹਾ ਹਾਂ
ਇਸ ਸੇਕ ਦਾ ਮਿਆਰ
ਤੇਰੇ ਸੇਕ ਜਿਹਾ ਸੀ
ਹਨ੍ਹੇਰੇ ਵਿੱਚ ਵੇਖਦਾ ਹਾਂ
ਤੈਨੂੰ ਯਾਦ ਕਰ ਰਿਹਾਂ ਹਾਂ,
ਤੇਰਾ ਮੇਰਾ ਮੇਲ ਸੱਚੀਂ
ਚੰਦ ਤਾਰੇ ਜਿਹਾ ਸੀ
ਕਦੇ-ਕਦੇ ਸੋਚਦਾ ਹਾਂ
ਜੀਅ ਰਿਹਾ ਜਾ ਮਰ ਰਿਹਾ ਹਾਂ,
ਲੱਗੇ ਦੋਵਾਂ ਦਾ ਅਧੂਰਾ,
ਜੋ ਤੂੰ ਸਹੁੰ ਖਾ ਕੇ ਕਿਹਾ ਸੀ
ਉਡੀਕ
ਉਡੀਕ ਹੀ ਤਾਂ ਕਰ ਰਿਹਾ ਹਾਂ
ਜੋ ਤੂੰ ਆਪਣੀ ਆਖ਼ਰੀ
ਮਿਲਣੀ ਵੇਲੇ ਕਿਹਾ ਸੀ;