ਐਵੇਂ ਛੱਡ ਕੇ ਨਾ ਜਾ ਮਾਹੀਆ
ਕੋਈ ਪੁੱਛੇਗਾ ਤਾਂ ਕੀ ਦੱਸੇਂਗਾ
ਕੋਈ ਦੋਸ਼ ਤਾਂ ਲਾ ਮਾਹੀਆ..........॥
ਪਾਣੀ ਸ਼ੂਕੇ ਦਰਿਆਵਾਂ ਦਾ
ਤੂੰ ਮਰਜ਼ੀਆਂ ਕਰ ਅੜਿਆ
ਕੀ ਏ ਸਾਡਿਆਂ ਚਾਵਾਂ ਦਾ............॥
ਕੀ ਹੁੰਦੀ ਭੰਨ-ਘੜ ਮਾਹੀਆ
ਸੋਲ਼ਾਂ ਤੂੰ ਜਮਾਤਾਂ ਪੜ੍ਹਿਆ
ਸਾਡੇ ਦਿਲ ਵਿੱਚੋਂ ਪੜ੍ਹ ਮਾਹੀਆ......॥
ਸੋਨੇ ਦੀਆਂ ਡੰਡੀਆਂ ਨੇ
ਖੰਡ ਦੇ ਕੜ੍ਹਾਹ ਵਰਗੀ
ਤੈਨੂੰ ਪੱਟ ਦਿੱਤਾ ਮੰਡੀਆਂ ਨੇ...........॥
ਸਾਡੇ ਵੱਲ੍ਹ ਦੀ ਹਵਾ ਕੋਈ ਨਾ
ਮਹੀਨਾ ਹੋਇਆ ਜੁੱਤੀ ਟੁੱਟੀ ਨੂੰ
ਤੈਨੂੰ ਸਾਡੀ ਪ੍ਰਵਾਹ ਕੋਈ ਨਾ..........॥
ਕਿੱਥੋਂ ਆ ਜਾਨੈਂ ਚਰ ਕੇ ਵੇ
ਰਹਿ ਜਾਂਦੀ ਪਾਸੇ ਮਾਰਦੀ
ਪੈ ਜਾਨੈਂ ਪਿੱਠ ਕਰਕੇ ਵੇ............॥
ਕਦੇ ਅੱਤ ਕਰ ਜਾਂਦਾ ਹੁੰਦਾ ਸੀ
ਹਟਾਂ ਜਾਂ ਮੇਕਅੱਪ ਕਰਕੇ
ਸਾਰਾ ਚੱਟ ਕਰ ਜਾਂਦਾ ਹੁੰਦਾ ਸੀ.....॥
ਸਾਥ੍ਹੋਂ ਦੁੱਖ ਨ੍ਹੀਂ ਸਹਾਰ ਹੁੰਦੇ
ਲੂਣ ਵੱਧ-ਘੱਟ ਹੋ ਜਾਵੇ
ਭਾਂਡੇ ਬੂਹਿਓਂ ਬਾਹਰ ਹੁੰਦੇ............॥
ਅੱਗੇ ਕਦੇ ਵੀ ਨਾਂ ਇੰਝ ਹੋਇਆ
ਬਾਰਾਂ ਦੀਆਂ ਬਾਰਾਂ ਪੂਰੀਆਂ
ਵੰਗਾਂ ਟੁੱਟੀਆਂ ਨਾ ਕਿੰਝ ਹੋਇਆ......॥
ਰੋਣਾ ਪੈਂਦਾ ਏ ਨਸੀਬਾਂ ਨੂੰ
ਬਿਨਾਂ ਕੋਈ ਕਸੂਰ ਕੀਤਿਆਂ
ਸਜ਼ਾ ਮਿਲਦੀ ਗਰੀਬਾਂ ਨੂੰ.............॥
(Surjit Gag )