|
ਮੈਂ |
ਮੈਂ ਅਜੋਕੇ ਸਮੇਂ ਦਾ ਸਾਹਿਤਕਾਰ ਹਾਂ, ਸਾਹਿਤ ਦਾ ਇਤਿਹਾਸ ਰਚਣ ਤੋਂ ਪਹਿਲਾਂ, ਮਿਥਿਹਾਸ ਨੂੰ ਸਜ਼ਦਾ ਕਰਦਾ ਹਾਂ, ਵਰਤਮਾਨ ਤੋਂ ਬੇਪ੍ਰਵਾਹ, ਪਟ-ਕਥਾ ਅਤੇ ਬੀਤੀਆਂ ਘਟਨਾਵਾਂ ਦੇ ਚਰਚੇ ਕਰ, ਭੂਤ ਦੀਆਂ ਦਲੀਲਾਂ ਦੇ ਆਸਰੇ ਵਰਤਮਾਨ ਦੇ ਸੱਚ ਤੋਂ ਅੱਖਾਂ ਮੀਟ ਕੇ, ਸੱਚ ਛਿਪਾਉਣ ਦੇ ਯਤਨ ਕਰਦਾ ਹਾਂ।
ਮੈਂ ਧਰਮ ਪ੍ਰਵਾਣਿਤ ਮਨੁੱਖ ਹਾਂ, ਮਜ਼੍ਹਬੀ ਭਾਵਨਾਵਾਂ ਦੇ ਨਾਮ ਤੇ ਖੁਦ ਰਾਜ ਕਰਨ ਲਈ, ਪੂਜਾ ਦੇ ਧਾਨ ਤੇ ਰਾਜ ਨੀਤੀ ਨੂੰ ਝੁਕਾਉਣ ਲਈ,, ਹਰ ਸ਼ਬਦ ਲਿੱਖਣ ਤੋਂ ਪਹਿਲਾਂ, ਵਰਤਮਾਨ ਦੇ ਝੂੱਠ ਤੋਂ ਪ੍ਰੇਰਿਤ, ਸਾਰਥੀ ਬਣਨ ਦੀ ਲਾਲਸਾ ਲਈ, ਦਵੰਧ ਦੀ ਜੰਗ ਲੜ ਰਿਹਾ ਹਾਂ।
ਮੈਂ ਵਿਗਿਆਨਕ ਤੀਖਣ ਦਿਮਾਗ ਨਾਲ, ਜ਼ਹਿਰਲੇ,ਮਾਰੂ ਹਥਿਆਰ ਤਿਆਰ ਕਰ, ਧਰਮ ਤੇ ਵਿਗਿਆਨ ਦੇ ਅਰਥ ਬਦਲ ਦਿੰਦਾ ਹਾਂ, ਮਿਥਿਹਾਸ ਨੂੰ ਸੱਚ ਕਰਨ ਦੇ ਯਤਨ ਵਿੱਚ, ਪ੍ਰਮਾਣੂ ਅਸ਼ਤਰ ਚਲਾਉਣ ਤੋਂ ਪਹਿਲਾਂ ਸਜ਼ਦਾ ਕਰਦਾ ਹਾਂ, ਮਾਨਵਤਾ,ਦੇ ਵਿਨਾਸ਼ ਤੇ ਪ੍ਰਾਪਤੀ ਦੱਸਦਾ ਹਾਂ,
ਮੈਂ ਪੱਥਰ ਨਹੀਂ ਇਨਸਾਨ ਹਾਂ, ਤਾਂ ਹੀ ਤਾਂ ਦੋ ਬੁਰਕੀ ਰਿਜ਼ਕ ਖਾਤਰ, ਧਾਰਮਿਕ ਤੇ ਰਾਜਨੀਤਿਕ ਗੁਲਾਮ ਦੀ ਤਰ੍ਹਾਂ, ਧਾਰਮਿਕ ਗ੍ਰੰਥਾਂ ਦੀ ਗੋਦ ਵਿੱਚ ਬਹਿ, ਪਾਖੰਡ ਕਰਦਾ ਤੇ ਕੁਫ਼ਰ ਤੋਲਦਾ ਹਾਂ, ਸੱਚ ਦਾ ਹੋਕਾ ਦੇ ਕੇ ਝੂੱਠ ਪਾਲਦਾ ਹਾਂ।
ਮੈਂ ਮੁਕੱਦਮ ਹਾਂ ਮੇਰੇ ਕੁਝ ਵੱਸ ਨਹੀਂ ਹੈ, ਸੱਚ ਬੋਲ ਨਹੀਂ ਸਕਦਾ, ਕੁਫ਼ਰ ਰੋਕ ਨਹੀਂ ਸਕਦਾ, ਇਸੇ ਬਹਾਨੇ ਮੈਂ ਤਰਸ ਦਾ ਪਾਤਰ ਬਣ ਜਾਂਦਾ ਹਾਂ, ਤੁਸੀਂ ਰਾਜੇ ਨੂੰ ਸ਼ੀਹ ਮੰਨਦੇ ਹੋ, ਮੁਕੱਦਮ ਤਾਂ ਕੁੱਤੇ ਜਰੂਰ ਹੋਣਗੇ।
ਮੈਂ ਤਰਾਜ਼ੂ ਹੱਥ ਵਿੱਚ ਲੈ, ਇਨਸਾਫ਼ ਦੀ ਦੁਹਾਈ ਦਿੰਦਾ ਹਾਂ, ਧਰਮ ਤੇ ਧੜਾ, ਸਰਕਾਰੀ ਤੇ ਦਰਬਾਰੀ, ਗਰੀਬ ਤੇ ਅਮੀਰ ਦਾ ਫ਼ਰਕ ਧਿਆਨ ਵਿੱਚ ਹੈ, ਮੇਰੇ ਵੀ ਬੱਚੇ ਨੇ ਮਜ਼ਬੂਰੀਆਂ ਨੇ, ਇਸੇ ਲਈ ਇਨਸਾਫ਼ ਵਿੱਚ ਦੂਰੀਆ ਨੇ।
|
|
30 Oct 2015
|