ਕਿਸੇ ਦੀ ਅੱਖ ਦੀ ਰੜਕ ਹਾਂ, ਕਿਸੇ ਦੇ ਦਿਲ ਦੀ ਤੜਫ਼ ਹਾਂ
ਜੋ ਸਾਂਝ ਪਾ ਨਾਂ ਸਕਿਆ ਗਜ਼ਲ ਨਾਲ ਮੈ ਉਹ ਹਰਫ਼ ਹਾਂ
ਜਿੱਥੇ ਲੁੱਟਾਂ-ਖੋਹਾਂ, ਦੰਗੇ-ਫ਼ਸਾਦ ਹੀ ਸਿਰਲੇਖ ਨੇ ਅਖਬਾਰਾਂ ਦੇ
ਮੈ ਉਹ ਸਵਰਗ ਵਰਗੀ ਧਰਤੀ ਤੇ ਵਾਪਰਿਆ ਨਰਕ ਹਾਂ
ਜੀਹਨੂੰ ਹਰੀ ਤੋ ਸੁਨਹਿਰੀ ਹੁੰਦਿਆਂ ਛੇ ਮਹੀਨੇ ਲੱਗ ਜਾਂਦੇ ਆ
ਜੀਹਦੀ ਮੰਡੀਆਂ ਵਿੱਚ ਬੇਕਦਰੀ ਹੁੰਦੀ ਮੈ ਉਹ ਕਣਕ ਹਾਂ
ਹੁਣ ਧੂੰਵੇ ਚਾਦਰੇ ਤੇ ਸਿਰਾਂ ਤੇ ਦੁਪੱਟੇ ਵਿਰਲੇ ਹੀ ਦਿਸਦੇ ਨੇ
ਮੈ ਓਸ ਬੀਤੇ ਪੰਜਾਬੀ ਵਿਰਸੇ ਦੀ ਧੁੰਦਲੀ ਜਿਹੀ ਝਲਕ ਹਾਂ
ਜੀਹਦਾ ਸਭ ਪਾਸਿਓਂ ਜਾਣ ਤੇ ਸਵਾਗਤ ਠੇਕਾ ਹੀ ਕਰਦਾ ਏ
ਮੈ ਮੇਰੇ ਪਿੰਡ ਨੂੰ ਜਾਂਦੀ ਉਹ ਅਭਾਗੀ ਸੜਕ ਹਾਂ
ਸਦੀਆਂ ਤੋ ਜਿੰਨਾਂ ਨੇ ਚੁੱਪ ਰਹਿਣ ਦੀ ਆਦਤ ਪਾ ਲਈ ਏ
ਮੈ ਐਸਿਆਂ ਲੋਕਾਂ ਅੰਦਰ ਮਰ ਚੁੱਕੀ ਅਣਖ ਹਾਂ
ਲੱਖ ਭੁਲਾਉਣ ਤੇ ਜਿਸ ਨੂੰ ਉਹਦਾ ਤੁਰ ਜਾਣਾਂ ਨਹੀ ਭੁਲਦਾ
ਮੈ ਹਰ ਉਸ ਅੱਖ ਵਿੱਚ ਸੁਰਮੇ ਵਾਂਗ ਰੜਕਦਾ ਉਹ ਵਕਤ ਹਾਂ
ਲੱਖਾਂ ਹੀ ਗੁਨਾਹਾਂ ਦਾ ਬੋਝ ਮੈ ਸਿਰ ਤੇ ਚੱਕੀ ਫ਼ਿਰਦਾ ਹਾਂ ਪਰ,
ਨਾਂ ਹੀ ਮਨ ਦਾ ਮੈਲਾ ਹਾਂ, ਨਾਂ ਹੀ ਚਾਂਦੀ ਦਾ ਵਰਕ ਹਾਂ |
............ਨਿਮਰਬੀਰ ਸਿੰਘ.................