Note: this poem has been shared on punjabizm earlier but in roman version.hupe u wud like itthis way too :)
ਮੈਂ... ਕਹਿਣ ਨੂੰ ਇੱਕ ਅਖਰ ਹੀ ਤਾਂ ਹੈ....
ਪਰ ਪਤਾ ਨਹੀਂ ਕਿਓਂ ..
ਮੇਰਾ ਮੈਂ ਮੰਨਦਾ ਹੀ ਨਹੀਂ...
ਕਿ ਇਹ ਮੈਂ ਤੇ ਓਹ ਮੈਂ...
ਦੋ ਅਲੱਗ -ਅਲੱਗ ਕਿਸਮ ਦੇ ਸਖਸ਼ ਹਾਂ....
ਮੈਂ ਓਹ ਵੀ ਹਾਂ ਜੋ ਐਤਵਾਰ ਨੂੰ....
ਚੌੜੇ ਬਜ਼ਾਰ ਚੋਂ ਖਰੀਦਦਾ ਹੈ..
ਦਸਾਂ ਦੇ ਤਿੰਨ ਰੁਮਾਲ....
ਤੇ ਮੈਂ ਓਹ ਵੀ ਹਾਂ ਜੋ ਹਰ ਦੂਜੇ ਦਿਨ ...
ਡ੍ਰਾਇਵ -ਥਰੂ ਚੋਂ ਗੱਡੀ ਕਢਦਾ ਹੈ....
ਮੈਂ ਓਹ ਵੀ ਹਾਂ ਜੋ ਲਾਉਂਦਾ ਹੈ ਤਸਵੀਰਾਂ ...
ਕੱਟ-ਕੱਟ ਕੇ ਅਖਬਾਰ ਚੋਂ...
ਆਪਣੇ ਹਨੇਰੇ ਕਮਰੇ ਦੀ ਇਕਲੌਤੀ ਬਾਰੀ ਤੇ....
ਤੇ ਮੈਂ ਓਹ ਵੀ ਹਾਂ ..
ਜਿਸ ਦੀ ਬੁੱਕਲ ਚ ਹੁੰਦਾ ਹੈ..
ਹਰ ਸ਼ਾਮ ਇੱਕ ਨਵਾਂ ਚੰਨ....
ਇਹ ਮੈਂ ਹੀ ਤਾਂ ਸੀ..
ਜੋ ਲੜਿਆ ਸੀ ਦੇਸ਼ ਦੀ ਆਜ਼ਾਦੀ ਲਈ...
ਤੇ ਹੁਣ ਜਿਸ ਦਾ ਬੁੱਤ ਵੇਖਦਾ ਹੈ...
ਆਉਂਦੇ-ਜਾਂਦੇ ਲੋਕਾਂ ਵੱਲ....
ਹਸਰਤ ਭਰੀਆਂ ਨਜ਼ਰਾਂ ਨਾਲ....
ਮੈਂ ਓਹ ਵੀ ਹਾਂ ਜੋ ਅਜੇ ਕੱਲ੍ਹ ਹੀ...
ਕਰ ਕਰ ਹਟਿਆ ਹੈ ਗਰੀਬੀ ਹਟਾਉਣ ਤੇ ਚਰਚਾ...
ਪੰਜ ਸਿਤਾਰੇ ਹੋਟਲ ਦੇ ਏ.ਸੀ. ਕਮਰੇ ਚ ਬੈਠ ਕੇ....
ਮੈਂ ਹੀ ਹਾਂ ਜੋ ਸੱਤਰਾਂ ਦੀ ਦਿਹਾੜੀ ਚੋਂ..
ਪੰਜਾਹਾਂ ਦੀ ਦਾਰੂ ਪੀ ਕੇ ਘਰ ਮੁੜਦਾ ਹਾਂ ...
ਤੇ ਮੈਂ ਓਹ ਵੀ ਹਾਂ..
ਜੋ ਰੋਜ਼ ਨਵਾਂ ਮਹਿਲ ਖੜ੍ਹਾ ਕਰਦਾ ਹੈ....
ਮੈਨੂੰ ਸ਼ਾਇਦ ਭੁਲੇਖਾ ਹੈ...
ਇਹ ਕੋਈ ਦੋ ਕਿਸਮ ਦੇ ਇਨਸਾਨ ਤਾਂ ਨਹੀਂ...
ਕਦੀ ਵੇਖਾਂ ਜੇ ਨਕਾਬ ਉਤਾਰ ਕੇ....
ਸਾਫ਼ ਨਜਰ ਆਵਾਂਗਾ ਮੈਂ..
ਬੜੀ ਹੀ ਢੀਠਤਾ ਨਾਲ...
ਇਹ ਸਭ ਕਿਰਦਾਰ ਨਿਭਾਉਂਦਾ ਹੋਇਆ...
ਹਾਂ ਮੈਂ ਹੀ ਹਾਂ...
ਜੋ ਹਰ ਰਾਤ ਉਡੀਕਦਾ ਹੈ ਛੁੱਟੀ ਨੂੰ...
ਤੇ ਫਿਰ ਸਰਹੱਦ ਦੀ ਖਾਮੋਸ਼ੀ ਚ ..
ਗੁਆਚ ਜਾਂਦਾ ਹੈ....
ਤੇ ਮੈਂ ਓਹ ਵੀ ਹਾਂ ..
ਜਿਸ ਨੇ ਵੇਚ ਖਾਧੇ ਨੇ...
ਬੰਦੂਕਾਂ,ਸਵੈਟਰ,ਪਸ਼ੂਆਂ ਦਾ ਚਾਰਾ...
ਤੇ ਕੁਝ ਕਫਨ ਵੀ....
ਮੇਰੀ ਭੁਖ ਤਾਂ ਨਾ ਜਾਣੇ ਕਿਓਂ..
ਮਿਟਦੀ ਹੀ ਨਹੀਂ...
ਮੈਂ ਤਾਂ ਪਿਆਜ਼ ਨਾਲ ਬੇਹੀ ਰੋਟੀ ਵੀ ਖਾ ਚੁੱਕਾ ਹਾਂ....
ਤੇ ਕਿੰਨੇ ਸੁਪਨੇ ਵੀ.....
ਪਰ ਫਿਰ ਵੀ ਪਤਾ ਨਹੀਂ ਕਿਓਂ ...
ਸਭ ਨੂੰ ਭਰਮ ਹੈ...
ਤੇ ਮੈਂ ਨਹੀਂ ਮੰਨਦਾ..
ਕਿ ਇਹ ਮੈਂ..ਤੇ ਓਹ ਮੈਂ.....
ਦੋ ਅਲੱਗ-ਅਲੱਗ ਕਿਸਮ ਦੇ ਸ਼ਕਸ਼ ਹਾਂ......
ਕੁਕਨੂਸ
੧੮-੧੦-੨੦੧੦
