ਮੈਨੂੰ ਰਹਿਣ ਦਿਓ
ਬੇਰੰਗੀ ਦੀਵਾਰ ਹੀ
ਮੈਨੂੰ ਉਹ ਨਾ ਬਣਾਓ,
ਜੋ ਤੁਸੀ ਖੁਦ ਹੋ,
ਬੱਸ ਰਹਿਣ ਦਿਓ,
ਮੇਰੇ ਜਿਸਮ ਤੇ ਕਿੱਲਾਂ ਨਾ ਗੱਡੋ
ਨਾ ਤੇ ਮੈਂ ਈਸਾ ਵਾਂਗ,
ਕੋਈ ਕੌੜਾ ਸੱਚ ਬੋਲਿਆ ੲੇ,
ਨਾ ਹੀ ਮਨਸੂਰ ਵਾਂਗ ਸੱਚਾ ੲਿਸ਼ਕ ਕੀਤਾ ਹੈ
ਮੈਨੂੰ ਸਲੀਬ ਨਾ ਬਣਾਓ,
ਮੈਨੂੰ ਦੀਵਾਰ ਹੀ ਰਹਿਣ ਦਿਓ
ਮੇਰੇ ਤੇ ਬੁਰੇ ਵਕਤ ਦੀ ਘੜੀ ਟੰਗ ਕੇ,
ਤੇ ਆਪਣੇ ਰੰਗ 'ਚ ਰੰਗ ਕੇ,
ਤੁਸੀ ਅਧੀਨ ਕਰਨ ਦੀ ਕੋਸ਼ਿਸ਼ ਨਾ ਕਰੋ
ਮੈਂ ੲਿਸ ਟਿਕ ਟਿਕ ਜਿਹੀ ਸੁਣੇਂਦੀ,
ਅਧੀਨਤਾ ਨੂੰ ਅਪ੍ਰਵਾਨ ਕਰਦੀ ਹਾਂ,
ਐਨੇ ਜੋਗੇ ਹੀ ਹੋ ਤੇ,
ੲਿਸ ਟਿਕ ਟਿਕ ਨੂੰ,
ੲਿਸ ਵਕਤ ਨੂੰ ਆਪਣੇ ਅਧੀਨ ਕਰੋ,
ਮੋੜ ਲਿਆਓ ਪੁਰਾਣਾ ਵਕਤ,
ਤੇ ਸੁਧਾਰ ਦਿਓ ਸਭ ਗਲਤੀਆਂ ,
ਜੋ ੲਿਤਿਹਾਸ ਹੱਥੋਂ ਹੋਈਆ ਨੇ ,
ਤੇ ਉਹਨਾਂ ਕੰਧਾਂ ਨੂੰ ਬਣਨ ਤੋਂ ਰੋਕੋ,
ਜਿਨ੍ਹਾਂ ਕਰਕੇ ਅੱਜ ਹਰ ਕੰਧ ਦਾਗੀ ਹੈ,
ਜਿੰਨ੍ਹਾਂ ਵਿੱਚ ਬਾਜਾਂ ਵਾਲੇ ਦੇ ਲਾਲ ਚਿਣੇ ਗਏ ਸੀ,
ਮੇਰੇ ਤੇ ਗੁਆਚਾ ਵਕਤ ਟੰਗ ਕੇ,
ਤੇ ੳੁਨ੍ਹਾਂ ਟੰਗੀਆਂ ਤਸਵੀਰਾਂ ਨੂੰ
ਵਿਰਸਾ ਕਹਿ ਕੇ ਕੁਝ ਨੀ ਹੋਣਾ,
ਉੱਠੋ, ਜਾਗੋ ਤੇ ਕੁਝ ਕਰੋ
ਕਰਮ ਕਰੋ ਤੇ ਵਿਰਸਾ ਸੰਭਾਲੋ
ਤੇ ਕਰਮ ਅਜਿਹਾ ਹੋਵੇ,
ਤਾਂ ਕਿ ਭਵਿੱਖ ਵਿੱਚ ਕੋਈ ਹੋਰ ਕੰਧ,
ਮੁਜ਼ਰਿਮ ਨਾ ਬਣੇ,
ਕੋਈ ਹੋਰ ਮਨਸੂਰ ਸੂਲੀ ਨਾ ਚੜ੍ਹੇ,
ੲਿਸ ਲੲੀ
ਤੁਸੀ ਮੈਨੂੰ ਝੂਠੇ ਰੰਗਾ ਨਾਲ ਸਜਾ ਕੇ,
ਆਪ ਨੂੰ ਸਹੀ ਰਾਹ ਤੇ ਹੋਣ ਦਾ,
ਭੁਲੇਖਾ ਨਾ ਪਾਓ,
ਤੁਸੀ ਮੈਨੂੰ,
ਬੇਰੰਗੀ ਦੀਵਾਰ ਹੀ ਰਹਿਣ ਦਿਓ ॥
-: ਸੰਦੀਪ 'ਸੋਝੀ'
|