ਮੈਂ ਝੂਠ ਨਹੀਂ ਬੋਲਦਾ..
ਤੇ ਮੈਨੂੰ ਭਰਮ ਵੀ ਕੋਈ ਨਹੀਂ ਹੁੰਦੇ..
ਹਾਂ ਇਹ ਸਚ ਹੈ...
ਕਿ ਅੱਜ-ਕੱਲ੍ਹ ਮੈਨੂੰ ..
ਲਾਸ਼ਾਂ ਦਿਸਦੀਆਂ ਨੇ...
ਇਧਰ -ਉਧਰ ਹਰ ਥਾਂ.....
ਸੜਕਾਂ ਤੇ ਬਜ਼ਾਰਾਂ ਚ ਹੀ ਨਹੀਂ....
ਮੇਰੇ ਘਰ ਦੇ ਬਗੀਚੇ ...
ਤੇ ਸ਼ੀਸ਼ਿਆਂ ਵਿਚ ਵੀ...
ਸਵੇਰੇ ਉਠਦਿਆਂ ਹੀ..
ਮੇਰੇ ਮੋਢਿਆਂ ਤੇ ਲਟਕ ਰਹੇ ਹੁੰਦੇ ਨੇ..
ਅਣ -ਗਿਣਤ ਮੁਰਦੇ ਤੇ ਕਫਨ...
ਕੋਈ-ਕੋਈ ਸਹਿਕ ਵੀ ਰਿਹਾ ਹੁੰਦਾ ਹੈ....
ਪਰ ਇਥੇ ਤਾਂ ਸਾਹ ਜਿਓਂਦੇ ਆਦਮੀ ਨੂੰ ਨਹੀਂ ਆਉਂਦਾ...
ਮੁਰਦੇ ਤਾਂ ਫਿਰ ਬਹੁਤ ਪਿਛੇ ਨੇ...
ਵਕ਼ਤ ਦੀ ਕਤਾਰ ਵਿਚ..
ਤੁਹਾਨੂੰ ਲੱਗਣਾ ਮੈਂ ਪਾਗਲ ਹਾਂ....
ਜਾਂ ਕੁਝ-ਕੁਝ ਹੋ ਰਿਹਾ ਹਾਂ.....
ਪਰ ਇਹ ਸਚ ਹੈ ਕਿ ...
ਚੌਗਿਰਦੇ ਵਿਚ ਭਰਮਾਰ ਹੈ....
ਲਾਸ਼ਾਂ ਦੀ,ਮੁਰਦਿਆਂ ਦੀ...
ਮੇਰੇ ਹੀ ਨਹੀਂ..
ਪਤਾ ਨਹੀਂ ਕਿਸ-ਕਿਸ ਦੇ...
ਚਾਵਾਂ ਤੇ ਸੁਪਨਿਆਂ ਦੀਆਂ ਲਾਸ਼ਾਂ ..
ਇਥੇ ਹੀ ਨੇ......
ਇਨਾਂ ਦੀ ਮੁਕਤੀ ਸ਼ਾਇਦ ਕਦੀ ਨਹੀਂ ਹੋਣੀ...
ਕਿਓਂਕਿ ਸਧਰਾਂ ਦੀ ਮੌਤ ਤੇ ਵੀ ਕਦੀ ਭਲਾ...
ਕਿਸੇ ਨੇ ਪਾਠ ਦੇ ਭੋਗ ਪਾਏ ਨੇ......
ਜਾਂ ਫਿਰ ਰਸਮ -ਕਿਰਿਆ.....
ਹਵਾ ਵਿਚ ਇਹ ਜੋ ਅਜੀਬ ਕਿਸਮ ਦੀ ਗੰਧ ਹੈ......
ਤੁਸੀਂ ਮੰਨੋ ਜਾਂ ਨਾ ਮੰਨੋ..
ਇਹ ਓਹੀ ਹੈ...
ਲਾਵਾਰਿਸ ਸੁਪਨਿਆਂ ਦੀਆਂ..
ਲਾਵਾਰਿਸ ਲਾਸ਼ਾਂ.....
ਬਦਬੂ ਮਾਰਦੀਆਂ ਤੇ ਬਦ-ਸ਼ਕਲ....
ਜਿਨਾਂ ਤੋਂ ਅਸੀਂ-ਤੁਸੀਂ ਅਕਸਰ.....
ਮੂੰਹ ਪਾਸੇ ਕਰਕੇ ਲੰਘ ਜਾਂਦੇ ਹਾਂ....
ਤੁਸੀਂ ਬੇਸ਼ਕ ਯਕੀਨ ਨਾ ਕਰੋ..
ਪਰ ਇਹ ਸਚ ਹੈ...
ਮੈਨੂੰ ਲਾਸ਼ਾਂ ਦਿਸਦੀਆਂ ਨੇ.....
ਕੁਕਨੂਸ
੧੫-੦੭-੨੦੧੧
