ਕੁੜੀ ਮਲਾਲਾ
(ਚੌਦਾਂ ਵਰ੍ਹਿਆਂ ਦੀ ਮਲਾਲਾ ਯੁਸਫ਼ਜ਼ਈ ਨੂੰ ਪਿਸ਼ਾਵਰ ਵਿਚ ਇਕ ਪਾਕਿਸਤਾਨੀ ਤਾਲਿਬਾਨ ਨੇ ਇਸ ਕਰਕੇ ਗੋਲ਼ੀ ਮਾਰ ਦਿੱਤੀ ਸੀ ਕਿ ਉਹ ਆਪਣੇ ਦੇਸ ਪਾਕਿਸਤਾਨ ਵਿਚ ਇਨ੍ਹਾਂ ਲੋਕਾਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਹੀ ਸੀ। ਉਹ ਇਸ ਗੱਲ ਦਾ ਵੀ ਖ਼ੰਡਨ ਕਰ ਰਹੀ ਸੀ ਕਿ ਤਾਲਿਬਾਨ ਪਾਕਿਸਤਾਨ ਨੂੰ ਕਈ ਸਦੀਆਂ ਵਾਪਸ ਧੱਕ ਕੇ ਕੁੜੀਆਂ ਨੂੰ ਪੜ੍ਹਨ ਤੋਂ ਰੋਕ ਰਹੇ ਸਨ ਤੇ ਉਨ੍ਹਾਂ ਦੇ ਸਕੂਲ ਢਾਅ ਕੇ ਢੇਰੀ ਕਰ ਰਹੇ ਸਨ।ਜ਼ਖ਼ਮੀ ਮਲਾਲਾ ਇਨ੍ਹੀਂ ਦਿਨੀ ਬਰਮਿੰਘਮ (ਯੂ ਕੇ) ਦੇ ਇਕ ਹਸਪਤਾਲ ਵਿਚ ਜ਼ੇਰੇ-ਇਲਾਜ ਹੈ।ਅੰਗਰੇਜ਼ ਡਾਕਟਰ ਉਸ ਦੇ ਪੂਰੀ ਤਰ੍ਹਾਂ ਤੰਦਰੁਸਤ ਹੋਣ ਦੀ ਆਸ ਕਰਦੇ ਹਨ।)
ਕੁੜੀਆਂ ਵਿਚੋਂ ਕੁੜੀ ਮਲਾਲਾ।
ਖੰਡ ਮਿਸ਼ਰੀ ਦੀ ਪੁੜੀ ਮਲਾਲਾ।
ਉਨ੍ਹਾਂ ਨੇ ਚਾਹਿਆ ਪੜ੍ਹਨੋਂ ਲਿਖ਼ਣੋ,
ਰਹੇਗੀ ਹਰ ਦਮ ਥੁੜੀ ਮਲਾਲਾ।
ਦਹਿਸ਼ਤਵਾਦ ਦੇ ਵਹਿੰਦੇ ਹੜ੍ਹ ਵਿਚ,
ਰੁੜ੍ਹੀ ਕਿ ਇਕ ਦਿਨ ਰੁੜ੍ਹੀ ਮਲਾਲਾ।
ਉਨ੍ਹਾਂ ਸੋਚਿਆ ਮਰ ਜਾਵੇਗੀ,
ਹੁਣ ਨਾ ਮੌਤੋਂ ਮੁੜੀ ਮਲਾਲਾ।
ਆਦਮ ਅਤੇ ਹਵਵਾ ਦੀ ਬੇਟੀ,
ਲਾਡਾਂ ਤੋਂ ਨਾ ਥੁੜੀ ਮਲਾਲਾ।
ਚਿੜੀ ਹੈ ਬਾਬਲ ਦੇ ਵਿਹੜੇ ਦੀ,
ਅੰਬਰ ਵਲ ਨੂੰ ਉੜੀ ਮਲਾਲਾ।
ਜੋ ਮਰਦਾਂ ਤੋਂ ਕਰ ਨਾ ਹੋਈ,
ਉਹ ਗੱਲ ਕਰ ਗਈ ਕੁੜੀ ਮਲਾਲਾ।
ਹੱਕ ਸੱਚ ਦੀ ਫ਼ਤਿਹ ਹੈ ਹੁੰਦੀ,
ਮੁੜੀ ਵਤਨ ਨੂੰ ਮੁੜੀ ਮਲਾਲਾ।
ਪਾਕਿਸਤਾਨ ਨੇ ਧੀਆਂ ਜੰਮੀਆਂ,
ਬੇਨਜ਼ੀਰ ਤੇ ਕੁੜੀ ਮਲਾਲਾ।
ਤੂੰ ‘ਕੱਲੀ ਨਹੀਂ ਤੇਰੇ ਸੰਗ ਹੈ,
“ਸਾਥੀ” ਦੁਨੀਆਂ ਜੁੜੀ ਮਲਾਲਾ।
ਸਾਥੀ ਲੁਧਿਆਣਵੀ-ਲੰਡਨ