ਜਿੰਨਾ ਮਰਜ਼ੀ ਇਹ ਲੁਕੋ ਲੈਣ, ਨਹੀਂਉਂ ਜਾਣੇ ਦੱਬੇ, ਇਹਨਾਂ ਚਿੱਟੇ ਕੁੜਤੇ ਪਜਾਮਿਆਂ, ਤੇ ਦਾਗ਼ ਜੋ ਲੱਗੇ । ਗਲੀਆਂ ਵਿੱਚ ਚੀਕਾਂ ਸੁਣਦੀਆਂ, ...ਪਾ ਟਾਇਰ ਸਾੜੇ, ਮਿਹਨਤ ਨਾਲ ਬਣਾਏ ਜੋ, ਘਰ-ਬਾਰ ਉਜਾੜੇ, ਉਹਨਾਂ ਮਾਰੇ ਗਏ ਬੇਦੋਸ਼ਿਆਂ ਦੇ, ਪਏ ਖੂਨ ਦੇ ਧੱਬੇ, ਜਿੰਨਾ ਮਰਜ਼ੀ……। ਬੋਫੋਰਜ਼, ਤਹਿਲਕਾ ਕਾਂਡ ਹੋਵੇ, ਜਾਂ ੨ ਜੀ , ਕੋਲਾ, ਕੌਣ ਸੁਣੇ ਫਰਿਆਦ ਏਥੇ, ਸਾਡਾ ਹਾਕਮ ਬੋਲਾ, ਲੁੱਟ ਕੇ ਸਾਰਾ ਮੁਲਕ ਖਾ ਲਿਆ, ਨਾ ਫੇਰ ਵੀ ਰੱਜੇ, ਜਿੰਨਾ ਮਰਜ਼ੀ……। ਹਰ ਪੰਜ ਸਾਲ ਬਾਅਦ ਆਉਂਦੇ, ਤੇ ਲਾ ਜਾਂਦੇ ਰਗੜੇ, ਚਾਹੇ ਉਹ ਨੀਲੇ ਮੋਰ ਹੋਣ, ਚਾਹੇ ਚਿੱਟੇ ਬਗ਼ਲੇ, ਧਰਮ ਦੇ ਨਾਂ ਤੇ ਵੋਟਾਂ ਲਉ, ਇਹਨਾਂ ਮੰਤਰ ਲੱਭੇ, ਜਿੰਨਾ ਮਰਜ਼ੀ……। ਨਾਲ ਤੰਗਲੀਆਂ ਨੋਟਾਂ ਦੇ, ਇਹਨਾਂ ਢੇਰ ਲਗਾਏ, ਜਨਤਾ ਨੂੰ ਬੱਸ ਲਾਰਿਆਂ ਦੇ, ਯਾਰੋ ਬੇਰ ਖਵਾਏ, ਉਪਰੋਂ ਚਮਕੀਲਾ ਕਵਰ, ਪਰ ਵਿੱਚ ਖਾਲੀ ਡੱਬੇ, ਜਿੰਨਾ ਮਰਜ਼ੀ……।
-: ਅਰਸ਼ਦੀਪ ਸਿੰਘ ਬਰਾੜ :-
|