ਪਤਾ ਨਹੀਂ ਗੁਰੂ ਜੀ
ਤੁਹਾਡੀ ਮੌਜ ਸੀ ਕਿ ਮਜਬੂਰੀ
ਚਾਰ ਸਿੰਘ ਬੁਲਾ ਲੈਂਦੇ
ਗੈਰ ਮਜ਼ਹਬ ਗਨੀ ਨਬੀ ਖਾਨਾਂ ਨੂੰ
ਕਾਹਨੂੰ ਚੁਕਾ ਤੁਰੇ ਮੰਜੀ
ਜਿਸ ਤੇ ਆਪ ਦੀ ਪਾਵਨ ਹਜ਼ੂਰੀ
ਪਰ ਤੁਸੀਂ ਤਾਂ ਦਰਬਾਰ ਵਿੱਚ ਵੀ
ਵੰਨ ਸੁਵੱਨੇ ਕਵੀ ਕਵੀਸ਼ਰਾਂ ਨੂੰ
ਚਮਲਾਈ ਰਖਦੇ ਸੀ
ਏਧਰ ਉਧਰ ਦੇ ਗੈਰ ਮਜਹਬਾਂ ਨੂੰ ਵੀ
ਗਾਉਣ ਲਾਈ ਰੱਖਦੇ ਸੀ
ਪਰ ਸਾਡੀ ਮਰਿਆਦਾ ਪੱਕੀ
ਬੈਠ ਕੇ ਗੁਰੂ ਦੇ ਕੋਲ
ਗਾਉਣ ਲਈ ਬਾਣੀ ਦੇ ਬੋਲ
ਮਰਦਾਨੇ-ਪੁੱਤਰ ਹੱਥ ਰਬਾਬ ਨਹੀਂ
ਗਾਤਰੇ-ਕਿਰਪਾਨ ਜ਼ਰੂਰੀ
ਅਸੀਂ ਰਹਿਤ ਪੱਕੀ ਰੱਖਦੇ
ਰਹਿਤੀ ਹੱਥੋਂ ਹੀ ਛੱਕਦੇ
ਪੂਰਾ ਪਰਹੇਜ਼ ਕਰਦੇ ਹਾਂ
ਪਰ ਤੁਹਾਡੇ ਸਾਹਿਬਜਾਦਿਆਂ ਦਾ ਲਿਹਾਜ਼ ਤੇ ਹੇਜ਼ ਕਰਦੇ ਹਾਂ
ਆਖਦੇ ਹਾਂ ਕਿ ਉਹਨਾਂ ਦੀ ਸਿੱਖੀ
ਵਜੀਦੇ ਦੇ ਦਰਬਾਰ ਵਿੱਚ
ਸਰਹੰਦ ਦੀ ਦੀਵਾਰ ਵਿੱਚ
ਵੀ ਨਹੀਂ ਸੀ ਟੁੱਟੀ
ਪਰ ਸੱਚ ਪੁਛੋ ਉਹ ਸਿੱਖੀ ਤਾਂ
ਠੰਡੇ ਬੁਰਜ ਵਿੱਚ ਹੀ ਮੋਤੀ ਮਹਿਰੇ ਬੇਅਮ੍ਰਿਤੀਏ ਹੱਥੋਂ
ਦੁੱਧ ਪੀਣ ਨਾਲ ਗਈ ਸੀ ਭਿੱਟੀ
ਤੁਹਾਡੇ ਮੂੰਹ ਨੂੰ ਅਜਿਹਾ ਕਹਿਣ ਤੋਂ ਗੁਰੇਜ ਕਰਦੇ ਹਾਂ
ਤੁਸੀਂ ਬੜੀ ਘੌਲ ਕੀਤੀ
ਅਸੀਂ ਮਰਿਆਦਾ ਅਨੁਸਾਰ
ਉੁਚੇਚੀ ਗੌਰ ਕੀਤੀ
ਮਾਤਾ ਗੁਜਰੀ ਦਾ ਨਾਂ ਗੁੱਜਰ ਕੌਰ ਕੀਤਾ
ਮਾਤਾ ਸੁੰਦਰੀ ਸੁੰਦਰ ਕੌਰ ਕੀਤੀ
ਗੁੱਸਾ ਨਾ ਕਰਨਾ
ਅਸੀਂ ਵਕਤ ਨੂੰ
ਪੁੱਠਾ ਗੇੜ ਚੜਾਉਣਾ ਹੈ
1699 ਨੂੰ ਧੱਕ ਕੇ
1469 ਤੇ ਪਹੁੰਚਾਉਣਾ ਹੈ
ਮਰਦਾਨੇ, ਰਾਏ ਬੁਲਾਰ, ਬਾਬੇ ਬੁੱਢੇ
ਮੀਆਂ ਮੀਰ, ਭਾਈ ਗੁਰਦਾਸ ਨੂੰ
ਗੁਰੂ ਵਾਲੇ ਬਣਾਉਣਾ ਹੈ
ਪਹਿਲਾਂ 24 ਸਾਲਾ ਵਕਫਾ ਮਿਟਾਵਾਂਗੇ
ਮਤੀ ਸਤੀ ਦਾਸ, ਦਿਆਲੇ ਨੂੰ ਸਿੰਘ ਸਜਾਵਾਂਗੇ
ਬੁੱਧੂ ਸ਼ਾਹ, ਘਨੱਈਏੇ, ਟੋਡਰ ਮੱਲ, ਨੂਰੇ ਮਾਹੀ ਦੀ ਵੀ
ਗੱਲ ਸਿਰੇ ਲਾ ਕੇ ਛੱਡਾਂਗੇ
ਭਾਈ ਨੰਦ ਲਾਲ ਸਣੇ 52 ਕਵੀਆਂ ਨੂੰ
ਅੰਮ੍ਰਿਤ ਛਕਾ ਕੇ ਛੱਡਾਂਗੇ
ਦੇਖੀਂ, ਪੰਥ ਤੇਰੇ ਦੀਆਂ ਗੂੰਜਾਂ……
ਜਸਵੰਤ ਜ਼ਫਰ
(ਪੁਸਤਕ 'ਇਹ ਬੰਦਾ ਕੀ ਹੁੰਦਾ' ਵਿਚੋਂ')