
ਪਿੰਡ ਦੀ ਯਾਦ
ਪਿੰਡ ਵਾਲੀ ਜਿੰਦਗੀ ਦੀ ਯਾਦ ਜਦ ਆਂਦੀ ਏ,
ਅੱਖ ਸਿੱਲ੍ਹੀ ਕਰ ਸੀਨੇ ਠੰਢ ਪਾ ਜਾਂਦੀ ਏ |
ਲੁੱਕ ਛਿਪ ਸੰਝ ਨੂੰ ਖਲਾੜਿਆਂ 'ਚ ਜਾਣਾ,
ਫਲ੍ਹਿਆਂ ਤੇ ਝੂਟੇ ਲੈ ਕੇ ਬੜਾ ਮਜ਼ਾ ਆਣਾ,
ਉਹ ਕਾਰ ਦੇ ਝੂਟੇ ਨੂੰ ਵੀ ਬੁੱਲੀਆਂ ਝਕਾਂਦੀ ਏ | ਪਿੰਡ ਵਾਲੀ...
ਬੇਲੀਆਂ 'ਚ ਨਿੱਠ ਬੈਠ ਪੜ੍ਹਨਾ ਪੜ੍ਹਾਉਣਾ,
ਗੰਨੇ ਚੂਪ, ਦਾਣੇ ਚੱਬ, ਨੀਂਦ ਨੂੰ ਭੱਜਾਉਣਾ,
ਕੀਤੀ ਮੌਜ ਕਦੇ ਕਦੇ ਸੁਪਨੇ 'ਚ ਆਂਦੀ ਏ | ਪਿੰਡ ਵਾਲੀ...
ਪਾੜ੍ਹਿਆਂ ਤੇ ਹਾਲੀਆਂ ਦੇ ਸਿੰਗ ਫਸ ਜਾਣਾ,
ਜੂਲੇ ਤੇ ਪੰਜਾਲੀ ਦਾ ਫਰਕ ਸਮਝਾਉਣਾ,
ਬਦਲੇ ਸੁਨਾਣੀ ਫਿਲਮੀ ਕਹਾਣੀ ਪੈ ਜਾਂਦੀ ਏ | ਪਿੰਡ ਵਾਲੀ...
ਅਧ ਰਿੜਕਾ ਪੀਣਾ ਵਿਚ ਰੋਕ ਕੇ ਮਧਾਣੀਆਂ,
ਫੁੱਟਾਂ, ਹੋਲਾਂ ਛੱਲੀਆਂ ਵੀ ਭੁੰਨ ਭੁੰਨ ਖਾਣੀਆਂ,
ਸਕੂਲੋਂ ਛੁੱਟ, ਅੱਗੇ ਪਿੱਛੇ ਭੱਜ ਭੱਜ ਕੇ,
ਮਲ੍ਹਿਆਂ ਦੇ ਬੇਰ ਖਾਣੇ ਰੱਜ ਰੱਜ ਕੇ,
ਅਜੋਕੀ ਰਹਿਣੀ ਉਦ੍ਹੇ ਅੱਗੇ ਪਿੱਲੀ ਪੈ ਜਾਂਦੀ ਏ | ਪਿੰਡ ਵਾਲੀ...
ਕੋਟਲਾ-ਛਪਾਕੀ, ਕੌਡੀ ਖੇਡ ਰੌਲਾ ਪਾਣਾ,
ਲੱਭਣਾ, ਗੁਹਾਰੇ, ਕੁੱਪਾਂ ਓਹਲੇ ਲੁੱਕ ਜਾਣਾ,
ਰੋਂਡੀ ਪੀਂਦਾ ਵਾਰੀ ਜਿਦ੍ਹੀ ਪਿਦਨੇ ਦੀ ਆਂਦੀ ਏ | ਪਿੰਡ ਵਾਲੀ...
ਗਰਮੀਂ 'ਚ ਖੂਹ ਦੀਆਂ ਟਿੰਡਾਂ ਦਾ ਪਾਣੀ,
ਮੂੰਹ ਧੋਅ ਕੇ ਘੁੱਟ ਭਰ, ਠੰਡ ਪੈ ਜਾਣੀ,
ਕੋਕ ਦੀ ਬੋਤਲ ਮੀਲਾਂ ਪਿੱਛੇ ਰਹਿ ਜਾਂਦੀ ਏ,
ਪਿੰਡ ਵਾਲੀ ਜਿੰਦਗੀ ਦੀ ਯਾਦ ਜਦ ਆਂਦੀ ਏ,
ਅੱਖ ਸਿੱਲ੍ਹੀ ਕਰ ਸੀਨੇ ਠੰਢ ਪਾ ਜਾਂਦੀ ਏ |
ਜਗਜੀਤ ਸਿੰਘ ਜੱਗੀ
ਮਲ੍ਹਿਆਂ = ਝਾੜੀਆਂ
ਪਿੱਲੀ = ਫਿੱਕੀ
ਸ਼ਬਦ ਸਾਂਝ:
ਸੰਝ - ਸ਼ਾਮ ਦਾ ਸਮਾਂ; ਖਲਾੜਿਆਂ - ਖਲਾੜਾ - ਕਣਕ ਆਦਿ ਦਾ ਗਾਹ ਪਾਉਣ ਵਾਲੀ
ਥਾਂ; ਫਲ੍ਹਿਆਂ ਤੇ ਝੂਟੇ - ਫਲ੍ਹਾ - ਅਨਾਜ
ਗਾਹੁਣ ਵੇਲੇ ਬਲਦਾਂ ਪਿਛੇ ਬੱਧਾ ਭਾਰੀ ਝਾਫਾ ਜੋ ਕਣਕ ਜੌਂ ਆਦਿ ਦੀ ਨਾਲ ਨੂੰ
ਤੋੜ ਮਰੋੜ ਸੁੱਟਦਾ ਹੈ | ਇਹ ਕਿੱਕਰ ਆਦਿ ਦੇ ਝਾਫੇ ਵੱਢ ਕੇ ਵਿਚ ਕਣਕ ਦੀ ਨਾਲ
ਫਸਾਕੇ ਬਣਾਇਆ ਜਾਂਦਾ ਹੈ| ਬੱਚੇ ਇਸ ਉੱਤੇ ਚੜ੍ਹਕੇ ਫਲ੍ਹੇ ਦਾ ਭਾਰ ਵਧਾਉਂਦੇ ਸਨ:
ਕੰਮ ਦਾ ਕੰਮ, ਝੂਟੇ ਦੇ ਝੂਟੇ| ਨਿੱਠ ਬੈਠ - ਆਰਾਮ ਨਾਲ ਭੁੰਜੇ ਬੈਠਣਾ; squatting
comfortably on ground for study; ਪਾੜ੍ਹਿਆਂ - ਪੜ੍ਹਨ ਵਾਲੇ ਵਿਦਿਆਰਥੀਆਂ;
ਹਾਲੀਆਂ - ਅਨਪੜ੍ਹ/ ਘੱਟ ਪੜ੍ਹੇ ਲਿਖੇ ਖੇਤੀ ਕਰਨ ਵਾਲਿਆਂ;
ਜੂਲ਼ਾ - A wooden Yoke which two Oxen
shoulder to draw a Bullock
Cart; ਪੰਜਾਲੀ - ਪੰਜ ਅਰਲੀਆਂ ਦਾ ਯੰਤ੍ਰ ਜੋ ਹਲ, ਗੱਡਾ ਆਦਿ ਜੋਤਣ ਸਮੇਂ
ਬਲਦਾਂ ਦੇ ਗਲ ਪਾਈਦਾ ਹੈ OR A wooden Yoke used to harness
two oxen for ploughing fields with a plough or a disc harrow;
Both of the above implements are usually made of Margosa
wood (Neem Wood) because of its medicinal properties which
prevents any kind of infection on cattle’s load bearing necks;
ਮਲ੍ਹਿਆਂ - ਝਾੜੀਆਂ; ਪਿੱਲੀ - ਫਿੱਕੀ; ਗੁਹਾਰੇ - ਗੁਹਾਰਾ ਗੋਹੇ, ਪਾਥੀਆਂ ਸਾਂਭ ਕੇ
ਰਖਣ ਵਾਲਾ ਗੋਲ ਕੋਨੀਕਲ, ਪਿਰਾਮਿਡ type storage structure;
ਕੁੱਪਾਂ - ਕੁੱਪ ਤੂੜੀ ਸਾਂਭਣ ਵਾਸਤੇ ਕਣਕ ਦੇ ਨਾੜ (Wheat grass
straw) ਦਾ ਗੋਲ ਕੋਨੀਕਲ, ਪਿਰਾਮਿਡ type storage structure;
ਰੋਂਡੀ - ਜਾਂ ਰੋਂਦ ਪੀਣਾ, ਮਤਲਬ ਹਾਰ ਨਾ ਮੰਨਣ ਲਈ ਫੈਸਲੇ ਦਾ ਵਿਰੋਧ ਕਰਨਾ;
ਪਿਦਨੇ ਦੀ ਵਾਰੀ - ਜਦ ਕਿਸੇ ਹਾਰੇ ਹੋਏ ਖਿਡਾਰੀ ਨੂੰ ਗੁੱਲੀ ਡੰਡੇ ਵਰਗੀ ਖੇਡ ਵਿਚ
ਵਾਰੀ ਦੇਣੀ ਪਵੇ, ਤੇ ਵਿਰੋਧੀ ਟੀਮ ਉਸਦੀ ਖੂਬ ਦੌੜ ਲੁਆਵੇ ਤਾਂ ਕਹੀਦਾ ਏ,
ਉਸਨੂੰ ਬੜਾ ਪਿਦਾਇਆ | ਖੂਹ ਦੀਆਂ ਟਿੰਡਾਂ - ਟਿੰਡ - ਮਿੱਟੀ ਜਾਂ ਲੋਹੇ ਦਾ ਭਾਂਡਾ
ਜਿਦ੍ਹੀ ਗੜਵੇ ਜਿਹੀ ਸ਼ਕਲ ਹੁੰਦੀ ਹੈ | ਟਿਊਬਵੈੱਲ ਦੀ ਕਾਢ ਤੋਂ ਪਹਿਲਾਂ ਇਸਨੂੰ ਹਰਟ
ਦੀ ਮਾਲ ਨਾਲ ਪਾਣੀ ਕੱਢਣ ਲਈ ਬੰਨ੍ਹਦੇ ਸਨ|