ਆਸ ਬੇਗਾਨੀ ’ਤੇ ਜੇ ਰਹਿੰਦੇ, ਹੁਣ ਨੂੰ ਆਪਾਂ ਮਰ ਜਾਣਾ ਸੀ।
ਮਿੱਟੀ ਦਾ ਇਹ ਕੱਚਾ ਭਾਂਡਾ, ਕਣੀਆਂ ਦੇ ਵਿੱਚ ਖਰ ਜਾਣਾ ਸੀ।
ਭਾਵੇਂ ਕਹਿਣ ਸਮੁੰਦਰੋਂ ਡੂੰਘਾ, ਪਾਰ ਕਿਨਾਰਾ ਕਿਹੜੀ ਗੱਲ ਸੀ,
ਜੇਕਰ ਸਾਥ ਨਿਭਾਉਂਦੀ ਤਾਂ ਮੈਂ ਦਿਲ ਦਰਿਆ ਨੂੰ ਤਰ ਜਾਣਾ ਸੀ।
ਤੇਰੇ ਨਾਲ ਤੁਰਦਿਆਂ ਤੈਨੂੰ, ਕੀਹ ਦੱਸਾਂ ਮੈਂ ਖ਼ੁਸ਼ਬੂ ਜਹੀਏ,
ਦਿਲ ਦਾ ਖ਼ਾਲੀ ਕਾਸਾ ਮੇਰਾ, ਨਾਲ ਮੁਹੱਬਤ ਭਰ ਜਾਣਾ ਸੀ।
ਇਹ ਤਾਂ ਤੇਰੇ ਨਿੱਘ ਦਾ ਹੀ ਪ੍ਰਤਾਪ, ਧੜਕਣਾਂ ਧੜਕਦੀਆਂ ਨੇ,
ਨਹੀਂ ਤਾਂ ਹੁਣ ਨੂੰ ਇਹ ਦਿਲ ਮੇਰਾ, ਠਰਦਾ ਠਰਦਾ ਠਰ ਜਾਣਾ ਸੀ।
ਜੰਗਲੀ ਜੰਤ ਜਨੌਰਾਂ ਦੀ ਹੁਣ ਗਿਣਤੀ ਵਧੀ ਮੈਦਾਨਾਂ ਅੰਦਰ,
ਪਹਿਰਾ ਨਾ ਹੁੰਦਾ ਤਾਂ ਇਨ੍ਹਾਂ ਫ਼ਸਲਾਂ ਤਾਈਂ ਚਰ ਜਾਣਾ ਸੀ।
ਬਿਰਖਾਂ ਨਾਲ ਗੁਫ਼ਤਗੂ ਕਰਦੇ, ਬੀਤ ਰਹੇ ਨੇ ਦਿਨ ਤੇ ਰਾਤਾਂ,
ਬਾਤ ਮੁਕਾਏ ਬਿਨ ਦੱਸੇ ਮੈਂ, ਕਿਹੜੇ ਵੇਲੇ ਘਰ ਜਾਣਾ ਸੀ।
ਚਾਨਣ ਦੀ ਤਸਵੀਰ ਬਣੀ ਤੂੰ, ਨ੍ਹੇਰੇ ਵਿੱਚ ਲਕੀਰ ਬਣੀ ਤੂੰ,
ਜੇ ਤੂੰ ਮੇਰੇ ਨਾਲ ਨਾ ਹੁੰਦੀ, ਮੈਂ ਤਾਂ ’ਕੱਲਿਆਂ ਡਰ ਜਾਣਾ ਸੀ।
ਗੁਰਭਜਨ ਗਿੱਲ