ਮਿੱਠੀ ਠੋਕਰ
ਕਾਕਾ ਗਿੱਲ
ਅਸੀਂ ਤਾਂ ਪਹਿਲਾਂ ਹੀ ਮਰੇ ਹਾਂ ਦੋਸਤਾ
ਉਸਦੀ ਠੋਕਰ ਲਾਸ਼ ਨੂੰ ਹੋਰ ਦੁਖ਼ਾਉਂਦੀ ਨਹੀਂ।
ਉਹ ਰੱਬਾ ਮਿਹਰ ਕਰੀਂ ਸਾਡੇ ਵਰਗੇ ਗੁਨਾਹਾਂ ਤੇ
ਦੁਆ ਕਰੀਂ ਮਹਿਬੂਬਾ ਉੱਤੇ ਜੋ ਖ਼ਤ ਸਾਨੂੰ ਪਾਉਂਦੀ ਨਹੀਂ।
ਅਸੀਂ ਤਾਂ ਹੱਥਾਂ ਤੇ ਸਰੋਂ ਜਮਾਈ ਬੈਠੇ ਹਾਂ
ਕੁਛ ਹਫਤਿਆਂ ਬਾਦ ਸਾਲ ਹੋ ਜਾਣਗੇ ਪੂਰੇ
ਸੁਖੀ ਰਹਿਣ, ੳਹਨਾਂ ਨੂੰ ਸਾਡੀ ਵੀ ਸਿਹਤ ਲੱਗ ਜਾਵੇ
ਅਸੀਂ ਆਸਾਂ ਨੂੰ ਛੱਡ ਜਾਵਾਂਗੇ ਅਧੂਰੇ
ਮੱਥੇ ਤੇ ਵੱਟ ਪਾਕੇ ਸਾਡੀਆਂ ਚਿੱਠੀਆਂ ਨੂੰ ਸੁੱਟ ਦਿੰਦੀ
ਸਾਡੀਆਂ ਸੱਧਰਾਂ ਦੇ ਜਿਕਰ ਤੇ ਵੀ ਮੁਸਕਰਾਉਂਦੀ ਨਹੀਂ।
ਬਹਾਰਾਂ ਨਾਲ ਸਾਡੀ ਮੁੱਦਤਾਂ ਤੋਂ ਅਣਬਣ
ਗਾਉਂਦੇ ਪਰਿੰਦਿਆਂ ਦੀ ਬੋਲੀ ਵੀ ਜਹਿਰ ਜਾਪੇ
ਪਤਝੜ ਨਾਲ ਸਾਡੀ ਉੱਠਣੀ ਬਹਿਣੀ ਹੋਈ
ਸਾਡੇ ਗੀਤਾਂ ਵਿੱਚ ਸ਼ਾਮਲ ਹੋ ਗਏ ਸਿਆਪੇ
ਉੰਨਾਂ ਸੱਜਣਾਂ ਨੂੰ ਮਹਿਬੂਬ ਕਹੀਏ ਨਾ ਕਹੀਏ
ਜਿਹੜੀ ਕੀਤੇ ਹੋਏ ਵਾਦੇ ਨਿਭਾਉਂਦੀ ਨਹੀਂ।
ਪਰ ਇੱਕੋ ਤਾਂ ਸਾਡੇ ਸੀ ਦਿਲ ਦਾ ਜਾਣੀ
ਉਸ ਨਾਲ ਮੁਹੱਬਤ ਹੀ ਕਰ ਸਕਦੇ
ਜੀਹਦੇ ਕੰਡੇ ਫ਼ੁੱਲਾਂ ਨਾਲੋਂ ਕੋਮਲ ਲਗਦੇ
ਉਸ ਨਾਲ ਨਫਰਤ ਕਦੇ ਨਹੀਂ ਕਰ ਸਕਦੇ
ਇੱਕੋ ਰਾਹ ਸਾਡੇ ਕੋਲ ਲੰਮੀਆਂ ਕਰੋ ਉਡੀਕਾਂ
ਯਾਦ ਦਿਲ ਵਿੱਚ ਸਾਡਾ ਸਿਰਨਾਵਾਂ ਤਾਂ ਗੁਆਉਂਦੀ ਨਹੀਂ।