
ਆਵੀਂ ਬਾਬਾ ਨਾਨਕਾ ?
ਆਇਆ ਸੀ ਮੈਂ ਆਇਆ ਸੀ
ਮੈਂ ਫੇਰ ਦੁਬਾਰੇ ਆਇਆ ਸੀ..
ਮੈਨੂੰ ਕਿਸੇ ਨੇ ਵੀ ਪਹਿਚਾਣਿਆ ਨਾ
ਮੈਨੂੰ ਰੱਟਿਆ, ਮੈਨੂੰ ਜਾਣਿਆ ਨਾ
ਮੈਂ ਸੱਚ ਦਾ ਹੌਕਾ ਲਾਇਆ ਸੀ...
ਆਇਆ ਸੀ ਮੈਂ ਆਇਆ ਸੀ
ਮੈਂ ਏਸੇ ਯੁੱਗ ਵਿੱਚ ਆਇਆ ਸੀ....।
ਮੈਂ ਆਖਿਆ ਬਾਣੀਆਂ ਪੜ੍ਹਦੇ ਓ
ਤੇ ਠੱਗੀਆਂ ਚੋਰੀਆਂ ਕਰਦੇ ਓ
ਗੁਰਬਾਣੀ ਇਹ ਸਿਖਾਉਂਦੀ ਨਹੀਂ
ਤੁਸੀਂ ਜੋ ਕਰਤੂਤਾਂ ਕਰਦੇ ਓ
ਭਾਈਆਂ ਨੇ ਅਤੇ ਮਸੰਦਾਂ ਨੇ
ਮੈਨੂੰ ਫੜ ਕੇ ਲੰਮਿਆਂ ਪਾਇਆ ਸੀ
ਆਇਆ ਸੀ ਮੈਂ ਆਇਆ ਸੀ
ਮੈਂ ਫੇਰ ਦੁਬਾਰੇ ਆਇਆ ਸੀ......।
ਬਾਪੂ ਦੀ ਕਿਰਤ ਕਮਾਈ ਸੀ
ਉਸ ਜੋੜੀ ਪਾਈ ਪਾਈ ਸੀ
ਜਦ ਮੇਰੇ ਹੱਥ ਫੜਾਈ ਸੀ
ਮੈਂ ਭੁੱਖਿਆਂ ਵਿੱਚ ਲੁਟਾਈ ਸੀ
ਖੁਦ ਖੇਤਾਂ ਵਿੱਚ ਹਲ਼ ਵਾਹਿਆ ਸੀ
ਮੈਂ ਤਦ ਨਾਨਕ ਅਖਵਾਇਆ ਸੀ....
ਆਇਆ ਸੀ ਮੈਂ ਆਇਆ ਸੀ
ਮੈਂ ਫੇਰ ਦੁਬਾਰੇ ਆਇਆ ਸੀ..,,।
ਭਾਈ ਲਾਲੋ ਦੀ ਮਿੱਸੀ ਵਿੱਚ
ਮੈਨੂੰ ਮਹਿਕ ਕਿਰਤ ਦੀ ਆਈ ਸੀ
ਜੇ ਚੌਪੜੀਆਂ ਤੇ ਡੁੱਲ੍ਹ ਜਾਂਦਾ
ਕੀ ਨਾਨਕ ਦੀ ਪਕਿਆਈ ਸੀ
ਸੰਗਮਰਮਰੀ ਬੁੱਚੜ-ਖਾਨਿਆਂ ਵਿੱਚ
ਕਿਸੇ ਨਾਨਕ ਪੈਰ ਨਾ ਪਾਇਆ ਸੀ
ਆਇਆ ਸੀ ਮੈਂ ਆਇਆ ਸੀ
ਮੈਂ ਏਸੇ ਯੁੱਗ ਵਿੱਚ ਆਇਆ ਸੀ......।
ਰੇਸ਼ਮ ਨੇ, ਪਾਟੀ ਲੀਰ ਨਹੀਂ
ਇਹ ਮੇਰੀ ਤਾਂ ਤਸਵੀਰ ਨਹੀਂ
ਨਾ ਹੱਥ ਫੜੀ ਕਦੇ ਮਾਲ਼ਾ ਏ
ਇਹ ਕੈਸਾ ਘਾਲ਼ਾ-ਮਾਲ਼ਾ ਏ
ਦੱਸਿਓ ਕਦ ਖਰੜੀ-ਬਰ੍ਹੜੀ ਜਿਹੀ
ਦਾੜ੍ਹੀ ਨੂੰ ਕਲੀ ਕਰਾਇਆ ਸੀ
ਆਇਆ ਸੀ ਮੈਂ ਆਇਆ ਸੀ
ਮੈਂ ਫੇਰ ਦੁਬਾਰੇ ਆਇਆ ਸੀ......।
ਮੈਂ ਕਦੋਂ ਕਿਹਾ ਅਰਦਾਸ ਕਰੋ
ਤੇ ਸੁਬ੍ਹਾ ਸ਼ਾਮ ਰਹਿਰਾਸ ਕਰੋ
ਨਹੀਂ ਪੜ੍ਹਨੀ ਤੇ ਨਾ ਪੜ੍ਹੋ
ਨਾ ਬਾਣੀ ਸੱਤਿਆਨਾਸ਼ ਕਰੋ
ਮੇਰੇ ਨਾਂ ਦਾ ਨਾ ਵਿਓਪਾਰ ਕਰੋ
ਮੈਂ ਹੱਥ ਜੋੜ ਫਰਮਾਇਆ ਸੀ
ਭਾਈਆਂ ਨੇ ਅਤੇ ਮਸੰਦਾਂ ਨੇ
ਮੈਨੂੰ ਧੱਕੇ ਮਾਰ ਭਜਾਇਆ ਸੀ......।
ਮੈਨੂੰ ਦੱਸਿਓ ਕਦ ਕਿਸ ਔਰਤ ਨੂੰ
ਮਾੜੀ ਮੈਂ ਏਸ ਜ਼ੁਬਾਨ ਕਿਹਾ
ਸੋ ਕਿਉਂ ਮੰਦਾ ਆਖੀਐ
ਮੈਂ ਜਿਤੁ ਜੰਮੇ ਰਾਜਾਨ ਕਿਹਾ
ਭੋਗ ਵਸਤ ਸਮਝ ਔਰਤ ਨੂੰ
ਮੁੱਲ ਕਿਸ ਨੇ ਵੱਟਣਾ ਚਾਹਿਆ ਸੀ
ਆਇਆ ਸੀ ਮੈਂ ਆਇਆ ਸੀ
ਮੈਂ ਏਸੇ ਯੁੱਗ ਵਿੱਚ ਆਇਆ ਸੀ......।
ਮੈਂ ਵਰਜਿਆ ਜਿਨ੍ਹਾਂ ਪਾਖੰਡਾਂ ਤੋਂ
ਰਿਹਾ ਭੰਡਦਾ ਜਿਨ੍ਹਾਂ ਕੁਰੀਤੀਆਂ ਨੂੰ
ਅੱਜ ਵੇਖਾਂ ਗੁਰੂਦੁਆਰਿਆਂ ਵਿੱਚ
ਉਨ੍ਹਾਂ ਲਾਗੂ ਹੋਈਆਂ ਨੀਤੀਆਂ ਨੂੰ
ਮੁੜ ਬਾਹਮਣ ਹਾਵੀ ਹੋ ਗਏ ਨੇ
ਮੈਂ ਬਾਹਮਣਵਾਦ ਝੁਠਲਾਇਆ ਸੀ
ਆਇਆ ਸੀ ਮੈਂ ਆਇਆ ਸੀ
ਮੈਂ ਏਸੇ ਯੁੱਗ ਵਿੱਚ ਆਇਆ ਸੀ......।
ਹਰ ਯੁੱਗ ਨੂੰ ਰਹਿਣੀ ਲੋੜ ਮੇਰੀ
ਮੈਂ ਹਰ ਇੱਕ ਯੁੱਗ ਵਿੱਚ ਆਵਾਂਗਾ
ਹਰ ਯੁੱਗ ਕੁਰਾਹੀਆ ਆਖੇਗਾ
ਹਰ ਯੁੱਗ ਵਿੱਚ ਭੰਡਿਆ ਜਾਵਾਂਗਾ
ਰਾਜਾ ਸ਼ੀਂਹ ਮੁਕੱਦਮ ਕੁੱਤੇ
ਮੈਂ ਓਦੋਂ ਵੀ ਆਖ ਸੁਣਾਇਆ ਸੀ
ਆਇਆ ਸੀ ਮੈਂ ਆਇਆ ਸੀ
ਮੈਂ ਫੇਰ ਦੁਬਾਰੇ ਆਇਆ ਸੀ......।
ਹੋਊ ਗੁਰਬਾਣੀ ਵਿੱਚ ਲਿਖਿਆ ਕਿਤੇ
ਕਿ ਨਾਨਕ ਇੱਕ ਅਵਤਾਰ ਹੋਇਆ
ਪਰ ਗੱਗ-ਬਾਣੀ ਵਿੱਚ ਲਿਖਿਆ ਹੈ
ਕਿ ਨਾਨਕ ਇੱਕ ਵਿਚਾਰ ਹੋਇਆ
ਨਾਨਕ ਨਾਮ ਜਹਾਜ ਹੋਇਆ
ਖੁਦ ਨਾਨਕ ਨੇ ਫਰਮਾਇਆ ਸੀ
ਆਇਆ ਸੀ ਮੈਂ ਆਇਆ ਸੀ
ਮੈਂ ਏਸੇ ਯੁੱਗ ਵਿੱਚ ਆਇਆ ਸੀ....।
ਮੈਂ ਹਰ ਇੱਕ ਯੁੱਗ ਵਿੱਚ ਆਵਾਂਗਾ
ਹਰ ਯੁੱਗ ਵਿੱਚ ਭੰਡਿਆ ਜਾਵਾਂਗਾ
ਹਰ ਯੁੱਗ ਨਾਨਕ ਨੂੰ ਭਾਖੇਗਾ
ਹਰ ਯੁੱਗ ਕੁਰਾਹੀਆ ਆਖੇਗਾ
ਮੈਂ ਹਰ ਇੱਕ ਯੁੱਗ ਵਿੱਚ ਆਵਾਂਗਾ
ਮੈਂ ਹਰ ਇੱਕ ਯੁੱਗ ਵਿੱਚ ਆਵਾਂਗਾ...........।॥
(ਸੁਰਜੀਤ ਗੱਗ)