-----------------ਸੁਰਿੰਦਰ ਸੋਹਲ ਜੀ----------------
ਮਾਂ ਕਹਿੰਦੀ ਸੀ: ਤਿਰਕਾਲ਼ਾਂ ਸਿੰਹੁ ਦਾ ਵੇਲ਼ਾ ਹੈ ਹਰ ਕਮਰੇ ਦਾ ਬਲਬ ਜਗਾਵੋ
ਬਿਜਲੀ ਬੰਦ ਹੈ ਦੀਵਾ ਜਾਂ ਮੋਮਬੱਤੀ ਬਾਲ਼ੋ
ਤਿਰਕਾਲ਼ਾਂ ਸਿੰਹੁ ਦੇ ਵੇਲ਼ੇ ਦੀ ਸੁੱਖ ਮਨਾਵੋ
ਇਹ ਵੇਲ਼ਾ ਸੁਖ ਸਾਂਦੀਂ ਬੀਤੇ
ਜਦ ਇਹ ਜਾਵੇ ਸੁੱਖਾਂ ਲੱਦਾ ਅੰਮ੍ਰਿਤ ਵੇਲ਼ਾ ਦੇ ਕੇ ਜਾਵੇ .............
ਹੁਣ ਕਿਸ ਨਗਰੀ ਮਾਂ ਆਈ ਹੈ
ਕੰਮ ਧੰਦਿਆਂ ਵਿਚ ਪਿਸਦੇ ਭੁਰਦੇ ਪੁੱਤਰ ਤਕਦੀ
ਗੋਡਿਆਂ ਉੱਤੇ ਠੋਡੀ ਰੱਖੀ ਸੋਚੀਂ ਡੁੱਬੀ
ਬਲਬ ਬੁਝਾਉਂਦੀ ਮਨ ਸਮਝਾਉਂਦੀ, ........ ‘..
ਇਸ ਨਗਰੀ ਕੀ ਵੇਲ਼ਾ ਤਿਰਕਾਲ਼ਾਂ ਸਿੰਹੁ ਦਾ
ਢਿੱਡ ਵੱਢ ਕੇ ਛਿੱਲੜ ਜੁੜਦੇ ਇਕ ਦਿਹਾੜੀ ਬਿਜਲੀ ਦਾ ਬਿਲ ਖਾ ਜਾਵੇਗਾ
ਤਿਰਕਾਲ਼ਾਂ ਸਿੰਹੁ ਦੇ ਵੇਲ਼ੇ ਦਾ ਕੀ ਹੈ
ਹਰ ਵੇਲ਼ਾ ਮਾਲਕ ਦਾ ਹੀ ਹੈ...!’