ਦੇਖਣ ਨੂੰ ਤਾਂ
ਸੂਰਜ ਘੁੰਮ ਰਿਹਾ ਹੈ
ਧਰਤੀ ਖੜੀ ਹੈ !
ਦੇਖਣ ਨੂੰ ਤਾਂ
ਦਿਨੇ 'ਕੱਲਾ ਸੂਰਜ ਹੈ
ਰਾਤ ਤਾਰਿਆਂ ਜੜੀ ਹੈ !
ਦੇਖਣ ਨੂੰ ਤਾਂ
ਲਾਲੋ ਦਾ ਚਿਹਰਾ ਖਰਵਾ ਹੈ
ਭਾਗੋ ਮਖਮਲੀ ਹੈ !
ਦੇਖਣ ਨੂੰ ਤਾਂ
ਮਝ ਤੇ ਬੈਠੇ
ਚਿਚੜ ਸਾਊ ਜਿਹੇ ਨੇ
ਓਹਨਾ ਨੂੰ ਫੁੰਡਦੀ ਗੁਟਾਰ ਚੁਲਬੁਲੀ ਹੈ !
ਹੋਰਡਿੰਗ ਦੇਖ ਕੇ ਤਾਂ ਲੱਗ ਵੀ ਸਕਦੈ
ਪੰਜਾਬ ਸਾਰਾ ਇਕ ਟੱਬਰ ਦੇ
ਰਹਿਮ ਤੇ ਜੀ ਰਿਹਾ ਹੈ !
ਦੇਖਣ ਨੂੰ ਤਾਂ ਚੰਨ ਦਾ ਪਰਛਾਵਾਂ ਵੀ
ਚੰਨ ਜਿਹਾ ਹੈ !
ਦੇਖਣ ਨੂੰ ਤਾਂ
ਗਰੀਬ ਬੋਝ ਹਨ !
ਜਦੋਂ ਦਿਸ ਰਿਹਾ ਇੱਕ ਭੁਲੇਖਾ ਹੋਵੇ
ਤਾਂ ਜਰੂਰੀ ਹੋ ਜਾਂਦਾ ਹੈ ਕਿ ਦੇਖੀਏ
ਕੀ ਸਾਡੇ ਜਿਹਨ ਅੰਦਰ
ਦਿਸ ਰਹੇ ਨੂੰ ਦੇਖ ਕੇ
ਸਵਾਲ ਲਟਕਦਾ ਹੈ ?
ਪਥਰਾ ਤਾਂ ਨੀ ਗਿਆ
ਕੀ ਸਾਡਾ ਤੀਜਾ ਨੇਤਰ
ਪਲਕ ਝਪਕਦਾ ਹੈ ?
GOLDI SIDHU