ਰੁਕੀ ਹੋਈ ਤੇਰੀ ਕਿਰਪਾ
ਦਿਆਂਗੇ ਬੇੜੀ ਬੰਨੇ ਲਾ
'ਗੱਗ ਬਾਬੇ' ਦੇ ਡੇਰੇ ਆ
ਨਿਰਮਲ ਬਾਬਾ ਨਾ ਘਬਰਾ....।
ਨਾ ਕੋਈ ਸਾਡਾ ਬੈਂਕ 'ਚ ਖਾਤਾ
ਨਾ ਇਹ ਸਾਨੂੰ ਜੱਗ ਪਛਾਤਾ
ਫਿਰ ਵੀ ਜਾਣੀ ਜਾਣ ਨੇ ਬਾਬੇ
ਇੱਕ ਵਾਰੀ ਆ ਸੀਸ ਨਿਵਾ
ਨਿਰਮਲ ਬਾਬਾ ਨਾ ਘਬਰਾ...।
ਸ਼ਨੀ ਦਾ ਹੈ ਪ੍ਰਕੋਪ ਤੇਰੇ ਤੇ
ਮੰਗਲ ਦਾ ਆਰੋਪ ਤੇਰੇ ਤੇ
ਤੂੰ ਰਾਹੂ ਦੇ ਪਿੱਛੇ ਲੱਗਿਆ
ਕੇਤੂ ਕਹਿੰਦਾ ਏਧਰ ਆ
ਨਿਰਮਲ ਬਾਬਾ ਨਾ ਘਬਰਾ.........।
ਚੁੱਪ ਚੁਪੀਤੇ ਢੋਲ ਵਜਾਈਏ
ਬਹੁਤਾ ਨਾਹੀਂ ਖਿਲਾਰਾ ਪਾਈਏ
ਰਾਮਦੇਵ ਨਾਲ ਸੂਤ ਬਿਠਾ
ਰਾਮਲੀਲਾ ਵਿੱਚ ਧਰਨਾ ਲਾ
ਨਿਰਮਲ ਬਾਬਾ ਨਾ ਘਬਰਾ.......।
ਵੱਡੇ ਵੱਡੇ ਨੇ ਚਰਨੀਂ ਪੈਂਦੇ
ਪੁੱਤਰਾਂ ਦੇ ਵਰ ਮੈਥੋਂ ਲੈਂਦੇ
ਬਾਦਲ, ਕੈਪਟਨ ਮੇਰੇ ਕੋਲੋਂ
ਅਕਸਰ ਆਉਂਦੇ ਲੈਣ ਸਲਾਹ
ਨਿਰਮਲ ਬਾਬਾ ਨਾ ਘਬਰਾ......।
ਪੁੱਤਰ ਹੁੰਦਾ ਗੁਲਗੁਲੇ ਵਰਗਾ
ਹੋਣਾ ਸੀ ਜੋ ਟਿੱਕਾ ਘਰਦਾ
ਸਿੱਧੀ ਵਿਨਾਇਕ ਮੰਦਿਰ ਵਿੱਚੋਂ
ਕੀ ਖੱਟ ਲਿਆਈ ਐਸ਼ਵਰਿਆ
ਨਿਰਮਲ ਬਾਬਾ ਨਾ ਘਬਰਾ....।
ਰੁਕੀ ਹੋਈ ਕਿਰਪਾ ਚਾਲੂ ਹੋ ਜਾਊ
ਵੱਸ ਵਿੱਚ ਮੋਦੀ ਲਾਲੂ ਹੋ ਜਾਊ
ਔਖੀ ਭਾਰੀ ਵੇਲੇ ਬੰਦਾ
ਗਧੇ ਨੂੰ ਲੈਂਦਾ ਬਾਪ ਬਣਾ
ਨਿਰਮਲ ਬਾਬਾ ਨਾ ਘਬਰਾ.......।
ਵੇਖਲੈ ਸੌਦਾ ਘਾਟੇ ਦਾ ਨਹੀਂ
ਮਸਲਾ ਰੋਟੀ ਆਟੇ ਦਾ ਨਹੀਂ
ਇਹ ਮਸਲਾ ਹੈ ਇੱਜ਼ਤ ਦਾ
ਅਪਣੀ ਸਾਂਭ ਤੇ ਸਾਡੀ ਬਣਾ
ਨਿਰਮਲ ਬਾਬਾ ਨਾ ਘਬਰਾ........।
ਗੱਗ ਆਕੇ ਜੋ ਚੂਲ਼ੀ ਭਰ ਗਏ
ਡੁੱਬਦੇ ਵਾਂਗ ਮਖਾਣੇ ਤਰ ਗਏ
ਪੁੱਟਾਪਰਥੀ ਦਾ ਸਾਈਂ ਬਾਬਾ
ਮੇਰਾ ਹੀ ਤਾਂ ਸੀ ਚੇਲਾ
ਨਿਰਮਲ ਬਾਬਾ ਨਾ ਘਬਰਾ..........।
ਰਾਮ ਰਹੀਮ, ਭਨਿਆਰਾਂ ਵਾਲਾ
ਰਾਮਦੇਵ ਸਲਵਾਰਾਂ ਵਾਲਾ
ਆਸ਼ੂਤੋਸ਼ ਕੀ ਕੁੰਭ ਦਾਸ ਵੀ
ਸਭ ਦੇ ਪਿੱਛੇ 'ਗੱਗ' ਖੜ੍ਹਾ
ਨਿਰਮਲ ਬਾਬਾ ਨਾ ਘਬਰਾ........।
ਵਿਦੇਸ਼ੀ ਵਿਦੇਸ਼ੀ ਦਾ ਰੌਲ਼ਾ ਪਾਇਆ
ਸਭ ਨੇ ਇੰਡੀਆ ਚੱਕ ਚਲਾਇਆ
ਮਨਮੋਹਨ ਸਿੰਘ ਦਾ ਨਾਮ ਸੁਝਾਇਆ
ਮੈਂ ਹੀ ਸੀ ਉਹ ਖਾਹਮਖਾਹ
ਨਿਰਮਲ ਬਾਬਾ ਨਾ ਘਬਰਾ........।
ਨਿਰਮਲ ਸਿੰਘ ਨਰੂਲਾ ਸੁਣਲੈ
ਭਾਵੇਂ ਸਮਝ ਮਸ਼ਗੂਲਾ ਸੁਣਲੈ
ਭੌਂਕ-ਭਾਂਕ ਕੇ ਬੈਠ ਜਾਣਗੇ
ਤਰਕਸ਼ੀਲਾਂ ਤੋਂ ਨਾ ਘਬਰਾ
ਨਿਰਮਲ ਬਾਬਾ ਨਾ ਘਬਰਾ.....।
ਸੋਨੀਆ ਦੇ ਨਾਲ ਹੱਥ ਮਿਲਾ
ਗਡਕਰੀ ਨੂੰ ਜੱਫੀ ਪਾ
ਨਿੱਕਰਾਂ ਵਾਲਿਆਂ ਦੀ ਨਿੱਕਰ ਵਿੱਚ
ਰੁਕੀ ਹੋਈ ਤੇਰੀ ਕਿਰਪਾ
ਨਿਰਮਲ ਬਾਬਾ ਨਾ ਘਬਰਾ...............।
ਨਹੀਂ ਮਨਜ਼ੂਰ ਜੇ ਮੇਰੀ ਸਲਾਹ
ਜਿੱਥੇ ਮਰਜ਼ੀ ਧੱਕੇ ਖਾਹ
ਸਾਡਾ ਕੀ ਐ ਫੇਸਬੁੱਕ ਤੇ
ਲੈਣੀ ਬੱਲੇ ਬੱਲੇ ਕਰਵਾ
ਨਿਰਮਲ ਬਾਬਾ ਨਾ ਘਬਰਾ
ਨਿਰਮਲ ਬਾਬਾ ਨਾ ਘਬਰਾ..........॥
---(ਸੁਰਜੀਤ ਗੱਗ)----