ਅਕਸਰ ਹੀ ਗੁੰਮ ਜਾਂਦੀਆਂ ਰਹੀਆਂ ਨੇ
ਘਰ ‘ਚ ਕਿਤਾਬਾਂ, ਕਾਪੀਆਂ, ਕੰਘੇ, ਚਾਬੀਆਂ…
ਥੋੜੀ ਕੋਸ਼ਿਸ਼ ਤੋਂ ਬਾਅਦ
ਖਿਝ ਖਪਾਈ ਤੋਂ ਬਾਅਦ
ਲੱਭਦੀਆਂ ਰਹੀਆਂ ਨੇ
ਬੜੇ ਦਿਨਾਂ ਤੋਂ ਲੱਭ ਰਹੀ ਹਾਂ
ਘਰ ‘ਚ ਮੇਰਾ ਨਜ਼ਰੀਆ ਗਵਾਚ ਗਿਐ
ਖ਼ਦਸ਼ਾ ਹੋ ਰਿਹੈ
ਏਥੇ ਸੀ ਵੀ ਕਦੇ…
ਇਸ ਦੀ ਨਿਸ਼ਾਨਦੇਹੀ ਦੇ ਤਾਂ
ਸਬੂਤ ਵੀ ਨਹੀਂ ਮਿਲ ਰਹੇ
ਕਿਸੇ ਕਿਤਾਬ ਦੇ ਵਰਕੇ…
ਕੋਈ ਫੁੱਲਾਂ ਦਾ ਹਾਰ…
ਸੋਫ਼ੇ ਦੀਆਂ ਸੀਟਾਂ ਹੇਠੋਂ ਵੀ
ਬੈੱਡ ਦੇ ਗੱਦਿਆਂ ਹੇਠੋਂ ਵੀ
ਲੱਭ ਰਹੀਆਂ ਨੇ ਅਣਲਿਖੀਆਂ ਚਿੱਠੀਆਂ
ਚੁੰਨੀ ਦੇ ਪੂਰੇ ਹੋਏ ਚਾਰੇ ਲੜ
ਖੋਲ ਕੇ ਵੇਖ ਲਏ ਨੇ
ਸੁੱਖਾਂ ਦੁੱਖਾਂ ਦੇ ਖ਼ਿਆਲ ਕਿੱਲੀਆਂ ‘ਤੇ
ਟੰਗਿਆ ਹੀ ਲਿਫ਼ਦੇ ਜਾ ਰਹੇ ਨੇ…
ਪੂਜਾ ਘਰ ‘ਚੋਂ ਲੱਭਦਿਆਂ
ਕੁਝ ਪਾਪ ਪੁੰਨ ਹੱਥ ਲੱਗੇ ਨੇ
ਮੇਰੇ ਰੱਬ ਦੀਆਂ ਅੱਖਾਂ ‘ਚ ਡਰ ਹੈ
ਘਰ ਵਿਚ ਪਸਰਿਆ ਹੋਇਆ
ਇਹ ਵੀ ਇਕ ਨਿੱਕਾ ਜਿਹਾ ਯੱਭ ਹੈ
ਮੈਂ ਰੱਬ ਨੂੰ ਪੁੱਛ ਲਿਆ ਹੈ -
ਜੇ ਤੂੰ ਫੈਲ ਜਾਣ ਦੀ ਅਦਾ ਹੈਂ ਤਾਂ ਦੱਸ ਸ
ਮੇਰੇ ਗਵਾਚੇ ਦਾ ਪਤਾ ਦੇ
ਰੱਬ ਕਹਿ ਰਿਹੈ
ਰਤਾ ਖੜੋ
ਮੈਂ ਸਿਮਟ ਕੇ ਦੁੱਖ ਹੋਇਆ ਪਿਆਂ
ਜ਼ਰਾ ਪੂਜਾ ਘਰ ‘ਚੋਂ ਬਾਹਰ ਰੀਂਗ ਲਵਾਂ…
ਮੈਂ ਖਲੋ ਕੇ
ਚੁੰਨੀ ਵਾਲੇ ਸਿਤਾਰੇ
ਹੱਥਾਂ ‘ਤੇ ਟੰਗ ਲਏ ਨੇ
ਸਿਤਾਰਿਆਂ ਵਾਲੇ ਹੱਥਾਂ ਨਾਲ
ਕਲਮ ਫੜ ਲਈ ਹੈ
ਲਿਖ ਰਹੀ ਹਾਂ ਨਵੇਂ ਲੇਖ
ਕਰਮਾਂ ਦੇ ਮੇਚ ਦੇ ਕਿੱਸੇ
ਕਿੱਸਿਆਂ ‘ਚੋਂ ਲੰਘਦੀਆਂ ਨਜ਼ਮਾਂ
ਨਜ਼ਮਾਂ ਪੱਥਰ ਚੱਟ ਨੇ ਕਿ ਧੁੱਪ ਖਿੜੀਆਂ
ਉਗਮਣ ਲਈ ਇਨਾਂ ਨੂੰ
ਬੀਜ ਨਹੀਂ ਹੋਣਾ ਪੈ ਰਿਹਾ
ਧਰਤ ਛੋਹ ਮਿਲੀ ਕਿ ਉੱਗੀਆਂ
ਮੈਂ ਨਜ਼ਮ ਨੂੰ ਕਹਿ ਰਹੀ ਹਾਂ -
ਬਹੁਤਾ ਨਹੀਂ ਬੋਲੀਦਾ
ਇਹ ਫੇਰ ਵੀ ਬਾਤਾਂ ਪਾ ਰਹੀ ਹੈ
ਸਵਾਲ ਦਰ ਸਵਾਲ ਨਹਾ ਰਹੀ ਹੈ
ਕਹਾਣੀਆਂ ਦੇ ਸਿਆੜ ਵਾਹੀ ਜਾ ਰਹੀ ਹੈ
ਰੱਬ ਕਿਧਰੇ ਹੋਰ ਫੈਲ ਗਿਐ
ਨਜ਼ਮ ਕਿਧਰੇ ਹੋਰ ਰੁੱਝ ਗਈ ਐ
ਤੇ ਘਰ ‘ਚ ਮੇਰਾ ਨਜ਼ਰੀਆ
ਹਾਲੀ ਵੀ ਗੁੰਮਿਆ ਪਿਐ…
ਨੀਰੁ ਅਸੀਮ