ਲੋੜ ਨਹੀ ਹੁਣ ਤੈਨੂੰ
ਮੇਰੀ ਰਾਖੀ ਕਰਨ ਦੀ
ਕਿਉਂਕਿ ਹੁਣ ਮੈਂ ਆਪਣੀ
ਰਾਖੀ ਖੁਦ ਕਰਨਾ ਸਿਖ ਲਿਆ ਹੈ
ਖੁਦ ਬਣਾਵਾਂਗੀ ਮੈਂ ਆਪਨੇ ਰਸਤੇ
ਨਕਸ਼ੇ ਕਦਮਾਂ 'ਤੇ ਚਲਣਾ
ਹੁਣ ਮੈਂ ਛੱਡ ਦਿੱਤਾ ਹੈ
ਪੈਰਾਂ ਦੀ ਧੂੜ ਨਾ ਸਮਝੀਂ ਹੁਣ ਮੇਨੂੰ
ਗਿੱਚੀ ਪਿੱਛੇ ਮੌਤ ਤੇ
ਪੈਰਾਂ ਦੀ ਜੁੱਤੀ ਵਾਲੀ ਸਦੀ
ਹੁਣ ਬਹੁਤ ਪਿੱਛੇ ਰਹਿ ਗਈ ਏ
ਹੁਣ ਮੈਂ ਪੈਰ ਦੀ ਜੁੱਤੀ ਨਹੀ
ਤੇਰੇ ਸਿਰ ਦਾ ਤਾਜ਼ ਬਣਾਂਗੀ
ਹਿਮਾਲਿਆ ਦੀ ਚੋਟੀ ਨੂੰ ਸਰ ਕਰ
ਤੇ ਬ੍ਰਹਿਮੰਡ ਨੂੰ ਮਾਪ
ਹੁਣ ਮੈਂ ਚੰਨ ਤੱਕ ਪਹੁੰਚ ਗਈ ਹਾਂ
ਹੁਣ ਮੇਰੀਆਂ ਉਡਾਣਾਂ ਦੀ ਉਚਾਈ
ਤੈਥੋਂ ਮਿਣ ਨਹੀਓਂ ਹੋਣੀ
ਇਹ ਨਾਂ ਸੋਚੀਂ ਕਿ
ਉਡੀਕਾਂਗੀ ਹੁਣ ਮੈਂ
ਤੇਰੇ ਲੜਖੜਾਉਂਦੇ ਕਦਮਾਂ ਨੂੰ
ਤੇ ਸੁਣਾਗੀ ਤੇਰੇ ਤਲਖ਼ ਬੋਲ
ਹੁਣ ਮੈਂ ਸੁਣਨਾ ਤੇ ਸਹਿਣਾਂ ਛੱਡ ਦਿੱਤਾ ਹੈ
ਕਿਉਂਕਿ ਹੁਣ ਮੈਂ
ਇੱਕੀਵੀ ਸਦੀ ਵਿੱਚ ਪਹੁੰਚ ਗਈ ਹਾਂ
ਹੁਣ ਮੇਰੀ ਪਰਵਾਜ਼ ਦੇ ਖੰਭ ਤੈਥੋਂ ਣ
ਗਿਣ ਨਹੀਓਂ ਹੋਣੇ
ਹੁਣ ਜ਼ਿੰਦਗੀ ਦੇ ਕੈਨਵਸ ਤੇ
ਉਲੀਕਾਂਗੀ ਮੈਂ ਨਵੇਂ ਚਿੱਤਰ
ਤੇ ਭਰਾਂਗੀ ,ਮੈਂ ਆਪਣੀਆਂ
ਕਲਪਨਾਵਾਂ ਵਿੱਚ ਹਕੀਕਤ ਦੇ ਰੰਗ
ਲੋੜ ਨਹੀ ਹੁਣ ਤੈਨੂੰ
ਮੇਰਾ ਮਾਰਗ ਦਰਸ਼ਕ ਬਣਨ ਦੀ
ਕਿਉਂਕਿ ਖੁਦ ਲਭਾਂਗੀ ਮੈਂ ਆਪਣੇ ਰਾਹ
ਤੇ ਲਭਾਂਗੀ ਆਪਣੇ ਵਜੂਦ ਦੀ ਨਵੀਂ ਪਹਿਚਾਣ
ਫਿਰ ਵੀ ਤੂੰ ਤੇ ਮੈਂ ਦਾ ਫ਼ਰਕ ਮਿਟਾ
ਜੇ ਤੂੰ ਚੱਲਣਾ
ਸਚਾ ਸਾਥੀ ਬਣ ਕੇ
ਤਾਂ ਚੱਲ 'ਕਠੇ ਮੰਜਿਲਾਂ ਤੈਅ ਕਰੀਏ
ਤੇ ਰਚੀਏ ਨਵਾਂ ਇਤਿਹਾਸ
ਪਰ ਜੇ ਤੂੰ ਹਉਮੈਂ ਦੇ ਨਸ਼ੇ ਵਿੱਚ ਚੂਰ
'ਮੈਂ ਦੇ ਖੋਲ ਵਿੱਚ ਹੀ ਕੈਦ ਰਹਿਣਾ ਏ
ਤਾਂ ਯਾਦ ਰੱਖੀ,ਮੈਂ ਵੀ ਹੁਣ
ਇਸ ਖੋਲ ਵਿੱਚ ਨਹੀਂ ਸਮਾਉਣਾਂ
ਲੋੜ ਨਹੀਂ ਹੁਣ ਤੈਨੂੰ
ਮੇਰੀ ਪਛਾਣ ਬਣਨ ਦੀ
ਹੁਣ ਆਪਣੀ ਪਛਾਣ ਮੈਂ ਖ਼ੁਦ ਬਣਾਂਗੀ... ...