ਪੀਚੋ, ਪਿੱਲ ਚੋਟ, ਸ਼ੱਕਰਭੁੱਜੀ ਖੇਡ ਦੱਸਿਓ ਧੌਲ, ਜੱਫਾ, ਕੈਂਚੀ ਪੈਂਦੀ ਰੇਡ ਦੱਸਿਓ ਗੱਫਾ, ਬੁੱਕ, ਮੁੱਠ ਨਾਲੇ ਓਕ ਦੱਸਿਓ ਪੱਠ, ਲੇਲਾ, ਬਲੂੰਗੜਾ ਤੇ ਬੋਕ ਦੱਸਿਓ ਵਿੱਘੇ, ਮਰੱਬੇ, ਕਿੱਲੇ ਦਾ ਹਸਾਬ ਰੱਖਿਓ ਆਉਂਦੀ ਪੀੜ੍ਹੀ ਜੋਗਾ ਸਾਂਭਕੇ ਪੰਜਾਬ ਰੱਖਿਓ..
ਕਿਲਕਾਰੀ, ਚੀਕ, ਦਹਾੜ ਤੇ ਬੜ੍ਹਕ ਦੱਸਿਓ ਚੋਜ, ਅਣਖ, ਨਖਰਾ , ਮੜ੍ਹਕ ਦੱਸਿਓ ਪੀਹਲਾਂ, ਤੂਤੀਆਂ , ਨਮੋਲੀਆਂ ,ਬੇਰ ਦੱਸਿਓ ਪਸੇਰੀ , ਅੱਧ ਪਾ, ਪਾਈਆ ਨਾਲੇ ਸੇਰ ਦੱਸਿਓ ਲਗਾਮ, ਕਾਠੀ ਪੈਰਾਂ ‘ਚ ਰਕਾਬ ਰੱਖਿਓ ਆਉਂਦੀ ਪੀੜ੍ਹੀ ਜੋਗਾ ਸਾਂਭਕੇ ………….
ਲੱਠਾ, ਛੱਬੀ, ਖੱਦਰ ਤੇ ਮਲਮਲ ਦੱਸਿਓ ਪਰ , ਪਰਸੋਂ ,ਭਲਕ ਤੇ ਕੱਲ੍ਹ ਦੱਸਿਓ ਪੰਜਾ, ਜੈਤੋ, ਨਨਕਾਣਾ, ਨੀਲਾ ਤਾਰਾ ਦੱਸਿਓ ਤਵੀ, ਚਰਖੜੀ, ਦੇਗ ਦਾ ਨਜ਼ਾਰਾ ਦੱਸਿਓ ਚੇਤੇ ਫੂਲਾ, ਨਲੂਆ, ਕਪੂਰ ਨਵਾਬ ਰੱਖਿਓ ਆਉਂਦੀ ਪੀੜ੍ਹੀ ਜੋਗਾ ……………
ਜੰਡ, ਵਣ, ਸ਼ਰੀਹ ਤੇ ਸਾਗਵਾਨ ਦੱਸਿਓ ਲੋਕ ਤੱਥ, ਮੁਹਾਵਰੇ , ਅਖੌਤਾਂ ਅਖਾਣ ਦੱਸਿਓ ਸਾਹਲ, ਗੁਨੀਆਂ, ਰੰਦਾ, ਕਰੰਡੀ, ਤੇਸੀ ਦੱਸਿਓ ਭੂਰਾ, ਕੰਬਲ , ਲੋਈ ਨਾਲੇ ਖੇਸੀ ਦੱਸਿਓ ਮਿੱਠੇ ਬੋਲ ਵੀਰ, ਭਾਜੀ ਤੇ ਜਨਾਬ ਰੱਖਿਓ ਆਉਂਦੀ ਪੀੜ੍ਹੀ ਜੋਗਾ ……………….
ਪੂਰਨ, ਘਨ੍ਹਈਆ, ਜੈਤਾ, ਬੁੱਧੂ ਸ਼ਾਹ ਦੱਸਿਓ ਬੀਹੀ, ਗਲੀ, ਡੰਡੀ , ਕੱਚਾ ਰਾਹ ਦੱਸਿਓ ਪੋਠੋਹਾਰ, ਮਾਝਾ, ਮਾਲਵਾ , ਦੁਆਬਾ ਦੱਸਿਓ ਸੁਨਾਮ, ਖੜਕੜ ਕਲਾਂ ਤੇ ਸਰਾਭਾ ਦੱਸਿਓ “ਘੁੱਦੇ” ਡੇਰੇ, ਸਾਧ, ਬਾਬੇ ਬੇਨਕਾਬ ਰੱਖਿਓ ਆਉਂਦੀ ਪੀੜ੍ਹੀ ਜੋਗਾ ਸਾਂਭਕੇ ਪੰਜਾਬ ਰੱਖਿਓ..
" ਘੁੱਦਾ "
|