ਪਿੰਜਰੇ ਵਿੱਚ ਕੈਦ ਪੰਛੀ,
ਬੇਚੈਨ ਸਨ
ਉਨ੍ਹਾਂ ਦੇ ਧੁੱਪ ਜਿਹੇ ਖੰਭਾਂ ਲਈ,
ਪਿੰਜਰੇ ਵਿਚਲੀ ਥਾਂ ਘੱਟ ਜੋ ਸੀ
ਉਨ੍ਹਾਂ ਦੇ ਮੂਹਾਂ ਤੋਂ,
ਜਵਾਲਾਮੁਖੀ ਵਾਲੀ ਚੁੱਪ ਡੁੱਲ੍ਹ ਰਹੀ ਸੀ
ਖੰਭ ਕਿਸੇ ਲੋਥ ਵਾਂਗ ,
ਬੇਜਾਨ ਜਾਪਦੇ ਸਨ
ਤੇ ਪਿੰਜਰੇ ਵਿਚ ਸ਼ਮਸ਼ਾਨ ਜਿਹਾ,
ਖਲਾਅ ਪੈਦਾ ਹੋੲਿਆ ਲਗਦਾ ਸੀ
ਅਸਮਾਨਾਂ ਨੂੰ ਛੋਹਣ ਦੀ,
ਹਵਾਵਾਂ ਨੂੰ ਮੋਹਣ ਦੀ,
ਕਾਬਲੀਅਤ ਵਾਲੇ
ੳੁਸ ਪਿੰਜਰੇ ਵਿਚ ਜੋ ਕੈਦ ਸਨ
ਤੇ ਓਸ ਵਿਚ ਕਿੰਨਿਆਂ ਦੇ ਬਚਪਨ ਦੀ,
ਜਵਾਨੀ ਵਾਲੀ ਪਰਵਾਜ਼ ਦੀ ,
ਮੌਤ ਜੋ ਹੋਈ ਸੀ
ਬਹੁਤ ਦਰਸ਼ਕ ਆ ਜਾਹ ਰਹੇ ਸੀ,
ਵੇਖ ਵੇਖ ਖੁਸ਼ ਹੋ ਰਹੇ ਸੀ
ਭਲਾ ਕਿਸ ਨੂੰ ਵੇਖ ਕੇ ?
ਸ਼ਾੲਿਦ ਮਹਿਕਾਂ ਨੂੰ ਜ਼ੰਜੀਰਾ ਵਿੱਚ ਵੇਖਣਾ
ਉਨ੍ਹਾਂ ਲਈ ਮਨੋਰੰਜਨ ਸੀ
ਸੁੰਨੇ ਹੁੰਦੇ ਜਾ ਰਹੇ ਅੰਬਰ ਦੀ ,
ੳੁਨ੍ਹਾਂ ਨੂੰ ਕੋਈ ਫਿਕਰ ਨਹੀਂ ਸੀ
ਸ਼ਾੲਿਦ ਉਹ ਭੁੱਲ ਰਿਹੇ ਸੀ
ੳੁਦ੍ਹੇ ਬਣਾੲੇ ਕਾਗਜ਼ ਦੇ ਪਤੰਗ
ਬਹੁਤਾ ਚਿਰ ਨਹੀਂ ਉੱਡ ਸਕਦੇ
ਉਹ ਪਲ ਪਲ ਬਦਲਦੀ ਕੁਦਰਤ ਦਾ,
ਮੁਕਾਬਲਾ ਨਹੀਂ ਕਰ ਸਕਦੇ
ਉਹ ਸੂਰਜ ਨੂੰ ਰੋਜ ੳੁਗਮਣ ਦਾ,
ਪਾਣੀਆਂ ਨੂੰ ਮੀਂਹ ਬਣਨ ਦਾ,
ਕਾਰਣ ਨਹੀਂ ਦੇ ਸਕਦੇ
ੳੁਹ ਜਾਂ ਤਾਂ ਕੁਝ ਦੇਰ ਲਈ
ਹਵਾ ਦੀ ਮੋਜੂਦਗੀ ਦਾ ਅਹਿਸਾਸ
ਕਰਾ ਸਕਦੇ ਹਨ,
ਜਾਂ ੲਿਨਸਾਨ ਦੁਆਰਾ ਕੀਤੇ
ਕਿਸੇ ਆਬਾਦ ਪਿੰਜਰੇ ਵਾਂਗ
ਉਸਦੀ ਆਪਣੇ ਆਪ ਨੂੰ ਦੂਜੇ ਜੀਆਂ ਨਾਲੋਂ,
ਸ਼੍ਰੇਸ਼ਠ ਸਾਬਤ ਕਰਨ ਦੀ
ਝੂਠੀ ਲਾਲਸਾ ਨੂੰ
ਸ਼ਾਂਤ ਕਰ ਸਕਦੇ ਹਨ ॥
-: ਸੰਦੀਪ 'ਸੋਝੀ'
|