ਬੜੇ ਮਾਸੂਮ ਨੇ ਬੱਚੇ
ਰੰਗਾਂ ਨਾਲ ਖੇਡਦੇ ਹੋਏ
ਵੱਖ-ਵੱਖ ਰੰਗਾਂ ਵਿੱਚ ਲਿਬੜੇ
ਇੱਕ ਹੀ ਰੰਗ ਜਾਪਦੇ ਨੇ,
ਨਿਰਛਲ ਚਿਹਰਿਆਂ ਵਾਲੇ
ਅੰਦਰੋਂ ਬਾਹਰੋਂ ਇੱਕੋ ਜਿਹੇ
ਰੰਗਾਂ-ਧਰਮਾਂ-ਜਾਤਾਂ ਤੇ ਜਮਾਤਾਂ
ਦੀ ਹੋਂਦ ਤੋਂ ਬੇਪਛਾਣ
ਪਰ ਹੌਲੀ-ਹੌਲੀ ਸਮੇਂ ਦੀ ਵਾਛੜ ਨਾਲ
ਸਲਾਬ ਚੜ ਜਾਂਦੀ ਹੈ ਉਨ੍ਹਾਂ 'ਤੇ
ਸਮਾਜ ਤੇ ਫਰਜ਼ਾਂ ਦੇ ਰੰਗਾਂ ਦੀ...
...
ਬਿਨਾ ਰੰਗਾਂ ਤੋਂ ਵੀ
ਅੰਦਰੋਂ ਕਿੰਨੇ ਰੰਗੀਨ ਜਾਪਦੇ ਜਵਾਨ
ਇੱਕੋ ਜਿਹੇ ਗੂੜੇ-ਗੂੜੇ
ਰੰਗਾਂ ਦੀ ਭੀੜ ਵਿੱਚੋਂ
ਸਹਿਜੇ ਹੀ ਪਛਾਣੇ ਜਾਂਦੇ ਨੇ...
ਤੇ ਇਹ ਜਵਾਨ ਅਕਸਰ ਹੀ
ਬੱਚਿਆਂ ਦੇ ਮਾਸੂਮ ਚਿਹਰਿਆਂ
ਤੇ ਏਕਤਾ ਦੇ ਰੰਗਾਂ ਤੋਂ
ਨਕਲੀ ਮੁਖੌਟਿਆਂ
ਤੇ ਵਰਗਾਂ ਦੇ ਵਿਭਿੰਨ ਰੰਗਾਂ ਵਿੱਚ
ਹੋ ਜਾਂਦੇ ਨੇ ਪਰਿਵਰਤਤ...
ਬਾਹਰੋਂ ਇੱਕ ਰੰਗੇ ਜਾਪਣ
ਪਰ ਅੰਦਰੋਂ
ਵੱਖ-ਵੱਖ ਕਿਰਦਾਰਾਂ ਦਾ
ਰੋਲ ਅਦਾ ਕਰਦੇ ਹੋਏ
ਜ਼ਿੰਦਗੀ ਦੇ ਨਾਟਕ ਦਾ
ਸਿਖਰ ਹੋ ਨਿਬੜਦੇ ਨੇ...
...
ਰੰਗਾਂ ਦੀ ਇੱਛਾ ਤੋਂ
ਮੁਕਤ ਹੋ ਚੁੱਕਾ ਬੁਢਾਪਾ
ਬਾਹਰੋਂ ਰੰਗਿਆ ਹੋਇਆ ਵੀ
ਅੰਦਰੋਂ ਕਿੰਨਾ ਬੇਰੰਗ ਹੁੰਦਾ...
ਰੰਗਾਂ ਵਰਗੇ ਬੱਚੇ ਹੀ ਹੁੰਦੇ ਨੇ
ਉਸਦੀ ਰਹਿੰਦੀ ਜ਼ਿੰਦਗੀ ਦੇ
ਪੱਕੇ ਸੁਰਖ਼ ਰੰਗ..
ਇਹਨਾਂ ਸੁਰਖ਼ ਰੰਗਾਂ ਦੇ ਖੁਰਨ
ਜਾਂ ਫਿੱਕੇ ਰੰਗਾਂ ਵਿੱਚ ਵਟ ਜਾਣ 'ਤੇ
ਉਦਾਸ ਤੇ ਨਿਰਾਸ਼ ਹੋਇਆ ਬੁਢਾਪਾ
ਅੰਤ ਨੂੰ ਰੰਗਹੀਣ ਹੋ ਜਾਂਦੈ...।
- ਹਰਿੰਦਰ ਬਰਾੜ