ਬੇਸ਼ੱਕ ਤੂੰ ਮਨਫ਼ੀ ਕਰ ਦਿੱਤਾ
ਮੈਨੂੰ ਆਪਣੀ ਜ਼ਿੰਦਗੀ 'ਚੋਂ
ਭਾਵੇਂ ਤੂੰ ਜੜੋਂ ਪੁੱਟ ਸੁੱਟਿਆ
ਆਪਣੇ ਮਨ ਦੀ ਧਰਤ 'ਚ ਉੱਘੇ
ਮੇਰੀਆਂ ਯਾਦਾਂ ਦੇ ਗੁਲਾਬ ਨੂੰ
ਕੰਡਿਆਲਾ ਥੋਹਰ ਸਮਝ ਕੇ
ਪਰ ਮੇਰੀ ਹੋਂਦ ਦੇ ਬੀਜ
ਪੂਰੀ ਤਰ੍ਹਾਂ ਨਸ਼ਟ ਨਹੀਂ ਹੋਏ
ਉਹ ਇੱਥੇ ਹੀ ਖਿੱਲਰ ਗਏ ਸਨ
ਤੇਰੇ ਪੈਰਾਂ ਦੀ ਮਿੱਟੀ ਹੇਠ ਮਿੱਧੇ ਗਏ ਸਨ
ਕੁਝ ਮੇਰੇ ਮਨ ਦੇ ਵਿਹੜੇ ਡਿੱਗ ਪਏ...
ਬੜੀ ਪੁੱਠੀ ਨਸਲ ਹੈ ਇਹਨਾਂ ਦੀ...
ਤੂੰ ਵਾਰ-ਵਾਰ ਮਨਫ਼ੀ ਕਰਦੀ ਰਹੀ ਮੈਨੂੰ
ਤੇਰਾ ਮਨਫ਼ੀ ਕਰਨਾ
ਮੈਨੂੰ ਜਮਾਂ ਕਰਦਾ ਗਿਆ
ਤੇ ਆਹ ਵੇਖ..
ਇਹ ਬੀਜ ਫਿਰ ਪੁੰਗਰ ਆਏ
ਹੰਝੂਆਂ ਦੀ ਸਲਾਬ ਨਾਲ
ਸ਼ਾਇਦ ਤੂੰ ਇਹ ਗੱਲ ਭੁੱਲ ਗਈ ਸੀ
ਪਰ ਮੈਨੂੰ ਅੱਜ ਵੀ ਯਾਦ ਐ
ਛੋਟੀਆਂ ਕਲਾਸਾਂ 'ਚ ਪੜਿਆ ਸੀ ਨਾ
ਕਿ ਮਨਫ਼ੀ-ਮਨਫ਼ੀ ਜਮਾਂ ਹੋ ਜਾਂਦਾ...।
- ਹਰਿੰਦਰ ਬਰਾੜ