ਪਿਆਰ ਰੰਗ ਰੂਪ ਦੀ
ਖੁਸ਼ਬੋ ਨਹੀਂ ਹੁੰਦਾ
ਖਤਾਂ ਤੇ ਉੱਕਰੇ ਅੱਖਰਾਂ ਦੀ
ਸੱਜਣੀ ਲੋਅ ਨਹੀਂ ਹੁੰਦਾ
ਤੇਰੀ ਨਾਦਾਨੀ ਤੇ ਯਾਰਾ
ਮੇਰੇ ਤੋਂ ਹੱਸ ਨਹੀਂ ਹੁੰਦਾ
ਤੇਰੀ ਇਸ ਬੇਰੁੱਖੀ ਤੇ ਯਾਰ
ਮੈਥੋਂ ਰੋ ਨਹੀਂ ਹੁੰਦਾ
ਜ਼ਿੰਦਗੀ ਨਾਂ ਹੈ ਉਸ ਸ਼ੈਅ ਦਾ
ਮਸ਼ਾਲਾਂ ਵਾਂਗ ਜੋ ਜਲ ਕੇ
ਪਸਾਰਾ ਲੋਅ ਦਾ ਕਰਦੀ ਹੈ
ਤਲੀ ਤੇ ਸੀਸ ਧਰਦੀ ਹੈ
ਤੇਰੇ ਤੇ ਮੇਰੇ ਵਿੱਚ
ਬਸ ਫ਼ਰਕ ਸੀ ਏਨਾਂ ਹੀ ਹਾਣਨੇ
ਪਿਆਰ ਦੇ ਅਰਥ ਤੂੰ
ਆਪੇ ਹੀ ਆਪਣੇ ਮਨ 'ਚ ਘੜ੍ਹ ਬੈਠੀ
ਤੇ ਜ਼ਿੰਦਗੀ ਨਾਲੋਂ ਟੁੱਟ ਕੇ
ਤੰਗ ਚੌਗਿਰਦੇ 'ਚ ਵੜ੍ਹ ਬੈਠੀ
ਜ਼ੁਲਫ ਤੇਰੀ ਦੇ ਪੇਚਾਂ ਬਿਨ
ਜ਼ਿੰਦਗੀ ਹੋਰ ਵੀ ਤਾਂ ਹੈ
ਤਲਵਾਰ ਦੀ ਧਾਰ ਤੇ ਤੁਰਦਾ ਹੋਇਆ
ਇਹ ਦੌਰ ਵੀ ਤਾਂ ਹੈ
ਤੇਰੇ ਹੋਠਾਂ ਦੀ ਲਾਲੀ ਹੀ
ਮੇਰੀ ਕਵਿਤਾ ਲਈ ਕਾਫੀ ਨਹੀਂ
ਰਗਾਂ ਵਿੱਚ ਦੌੜ੍ਹਦੇ ਹੋਏ ਲਹੂ ਦਾ
ਇਕ ਸ਼ੋਰ ਵੀ ਤਾਂ ਹੈ
ਤੇਰੀ ਜ਼ੁਲਫਾਂ ਦੀ ਛਾਂ ਤੋਂ
ਠੰਡੀ ਛਾਂ ਯਾਰਾਂ ਦੇ ਸਾਏ ਦੀ
ਮੇਰੀ ਜ਼ਿੰਦਗੀ ਨੂੰ ਹੈ ਅੱਜ ਲੋੜ
ਤਲਵਾਰਾਂ ਦੇ ਸਾਏ ਦੀ
ਮੇਰੀ ਕਵਿਤਾ ਤੇਰੇ ਬੋਲਾਂ ਦੀ
ਹੁਣ ਮੁਹਤਾਜ ਨਹੀਂ ਰਹਿਣੀ
ਕਥਾ ਵੀਰਾਂ ਦੇ ਡੁੱਲ੍ਹੇ ਲਹੂ ਦੀ
ਹਰ ਲਫ਼ਜ਼ ਨੇ ਕਹਿਣੀ
ਮੁਕਾਬਲੇ ਵਿੱਚ ਮਾਰੇ ਜਾਣ ਦੀ
ਜਦ ਖਬਰ ਆਵੇਗੀ
ਤੂੰ ਸੁਣ ਕੇ ਰੇਡੀਓ ਤੋਂ ਨਾਂ ਮੇਰਾ
ਹੰਝੂ ਬਹਾ ਦੇਵੀਂ
ਤੇ ਆਪਣੇ ਨਾਂ ਲਿਖੇ ਗੀਤਾਂ ਦਾ
ਇੰਝ ਤੂੰ ਮੁੱਲ ਚੁਕਾ ਦੇਵੀਂ
ਇਹ ਕਵਿਤਾ ਸਰਦਾਰ ਗਜਿੰਦਰ ਸਿੰਘ ਜੀ ਦੀ ਹੈ ਜੋ ਸੱਚਾ ਸਾਹਿਤਕਾਰ, ਕਵੀ ,ਲੇਖਕ ਤੇ ਆਲੋਚਕ ਵੀ ਹੈ...ਕਵਿਤਾ ਲਿਖਦਾ ਰਿਹਾ ਤੇ ਆਪਣੇ ਲਿਖੇ ਤੇ ਚੱਲਦਾ ਰਿਹਾ....ਪੰਜਾਬ ਦੇ ਕਿਰਸਾਨਾ, ਬੇਰੁਜਗਾਰਾਂ ਲਈ ਸਿਸਟਮ ਖਿਲਾਫ਼ ਲੜਦਿਆਂ ਤੇਰਾਂ ਸਾਲ ਚਾਰ ਮਹੀਨੇ ਜੇਲ ਕੱਟੀ....ਅੱਜ ਕੱਲ ਲਹਿੰਦੇ ਪੰਜਾਬ ਦੀ ਧਰਤੀ 'ਤੇ ਰਹਿ ਰਹੇ ਨੇ....ਅਫਸੋਸ ਕੁਝ ਲੋਕ ਇਹਨਾਂ ਇਨਕਲਾਬੀਆਂ ਨੂੰ ਸਿਰਫ ਤੇ ਸਿਰਫ ਐਸੇ ਕਰਕੇ ਪਸੰਦ ਨਹੀ ਕਰਦੇ ਕਿਉਂਕੇ ਇਹ ਕਿਸੇ ਧਰਮ ਦੇ ਏਜੰਡੇ ਹੇਠ ਸਰਕਾਰ (ਸਿਸਟਮ) ਨਾਲ ਜੂੰਝਦੇ ਰਹੇ !