ਪ੍ਰੋਫੈਸ਼ਨਲ ਮਿੱਤਰਤਾ (ਇਕ ਹਾਸਰਸ ਕਵਿਤਾ)
“ਬੈਨੀਫਿਟ੍ਸ ਆਫ਼ ਸੋਸ਼ਲ ਨੈਟਵਰਕਿੰਗ
ਇਨ ਪ੍ਰੋਫੈਸ਼ਨਜ਼” ਉੱਤੇ ਲੈਕਚਰ ਸੁਣਕੇ,
ਬਾਹਰ ਨਿੱਕਲੀ ਔਡੀਅੰਸ ਚੋਂ,
ਇਕ ਚਸ਼ਮੇਂ ਵਾਲਾ ਬਾਬੂ ਤੇ
ਇਕ ਕੁੰਢੀਆਂ ਮੁੱਛਾਂ ਵਾਲਾ ਸਿੰਘ,
ਕਾਫੀ ਐਨਲਾਈਟੰਡ,
ਫ਼ੀਲ ਕਰ ਰਹੇ ਸਨ |
ਦੋਹਾਂ ਨੇ ਤੁਰਤ-ਅਮਲ ਦੇ ਨੀਤੀ ਵੱਸ,
ਗਰਮ ਜੋਸ਼ੀ ਨਾਲ ਹੱਥ ਮਿਲਾਇਆ,
ਇਕ ਨੇ ਲੈਕਚਰ ਦੇ ਨੁਕਤੇ ਸਰਾਹੇ,
ਦੂਜੇ ਨੇ ਸਹਿਮਤੀ 'ਚ ਸਿਰ ਹਿਲਾਇਆ |
ਲੈਕਚਰ 'ਚ ਦੱਸੇ ਗੁਰ ਅਨੁਸਾਰ,
ਪਹਿਲਾਂ 'ਵਟ ਇਜ਼ ਕਾਮਨ' ਲਭਣਾ ਸੀ,
ਅਤੇ ਮਿੱਤਰਤਾ ਦਾ ਸਿਲਸਿਲਾ,
ਤਾਂ ਹੀ ਅੱਗੇ ਵਧਣਾ ਸੀ |
ਉਨ੍ਹਾਂ ਨੇ ਇੰਟ੍ਰੋਡਕ੍ਟਰੀ ਰਾਉਂਡ ਵਿਚ,
'ਵਿਚਾਰ ਮੰਥਨ' ਟੂਲ ਨੂੰ ਅਜਮਾਇਆ,
ਇਸ ਦੌਰਾਨ, 'ਕਾਮਨ ਵਰਡ',
'ਤੋੜਨਾ' ਉੱਭਰ ਕੇ ਆਇਆ |
ਅਗਲੇ ਸਟੈਪ ਤੇ, ਦੋ ਮੈਂਡੇਟਰੀ
ਪ੍ਰੋਫ਼ੈਸ਼ਨਲ ਉਧਾਰਨਾਂ ਸਹਿਤ,
ਅਪਣਾ ਤੇ ਆਰਗੇਨਾਈਜ਼ੇਸ਼ਨ ਦੇ
ਨਾਂ, ਥਾਂ ਦੱਸਣੇ ਆਏ |
ਸੁਆਲ ਤਕਨੀਕੀ ਜਾਣ ਕੇ,
ਸਿੰਘ ਸਾਹਬ ਥੋੜ੍ਹਾ ਘਬਰਾਏ |
ਕਾਲੇ ਚਸ਼ਮੇ ਵਾਲਾ ਸਮਝ ਗਿਆ ਚੁੱਪ ਚੁਪੀਤੀ,
ਕੋਆਪਰੇਟ ਕਰਦਿਆਂ ਉਨ੍ਹੇਂ ਝੱਟ ਪਹਿਲ ਕੀਤੀ,
ਆਇ ਐਮ ਜੈਕ ਫ੍ਰਾਮ 'ਓਮਨੀ ਬ੍ਰੇਕਸ' ਦੇਹਰਾਦੂਨ,
ਹਮ ਤੋੜਤੇ ਹੈਂ ਜੀ 'ਲੌਕਰ' ਔਰ 'ਕਾਨੂੰਨ' |
'ਕਾਨੂੰਨ' ਤੋੜਨਾ ਸੁਣ ਕੇ ਸਿੰਘ ਦਾ ਖੂਨ ਖੌਲਿਆ,
ਉਹਨੇ ਹਥਲਾ ਡੰਡਾ ਸੂਤਿਆ ਤੇ ਬੋਲਿਆ,
ਨਛੱਤਰ ਸਿਹੁੰ, ਪੰਜਾਬ ਪੁਲਸ, ਡੱਡੀਆਂ,
ਅਸੀਂ ਤੋੜਦੇ ਆਂ 'ਪਾਸੇ' ਤੇ 'ਹੱਡੀਆਂ' |
ਕਨਕ੍ਲੂਜ਼ਨ 'ਤੇ ਰੀਵਿਊ ਦੌਰਾਨ,
ਦੋਹਾਂ ਚੋਂ ਸਮਝ ਨਾ ਸਕਿਆ ਕੋਈ,
ਸਟੈਪ ਤਾਂ ਸਾਰੇ ਮੈਚ ਕਰਦੇ ਸੀ,
ਫਿਰ ਮਿੱਤਰਤਾ ਕਿਉਂ ਨੀ ਹੋਈ ?
ਜਗਜੀਤ ਸਿੰਘ ਜੱਗੀ
ਬੈਨੀਫਿਟ੍ਸ ਆਫ਼ ਸੋਸ਼ਲ ਨੈਟਵਰਕਿੰਗ ਇਨ ਪ੍ਰੋਫੈਸ਼ਨਜ਼ = Benefits of social networking in professions;
ਕਾਮਨ ਵਰਡ = Common word
ਮੈਂਡੇਟਰੀ ਪ੍ਰੋਫ਼ੈਸ਼ਨਲ ਉਧਾਰਨਾਂ = Mandatory (compulsory) professional examples;
ਵਿਚਾਰ ਮੰਥਨ = Brain storming;
ਕਨਕ੍ਲੂਜ਼ਨ = Conclusion