ਏਸ ਪੰਜਾਬੇ ਪਾਣੀ ਆਇਆ , ਧਰਤ ਪਈ ਸ਼ਰਮਾਏ
ਰਸ-ਤਰਿਅੌਤ ਫਿਰੀ ਸਭ ਥਾਂਈਂ , ਸਭ ਨੱਗਰ ਹਰਿਆਏ
ਏਸ ਪੰਜਾਬੇ ਅੱਖਰ ਫਲ਼ਿਆ , ਧੰਨ ਧੰਨ ਪਾਠ ਕਰਾਏ
ਏਸ ਪੰਜਾਬ ਨੇ ਲੇਹਾਂ ਦੇ ਫੁੱਲ , ਗੀਤਾਂ ਦੇ ਵਿੱਚ ਗਾਏ
ਏਸ ਪੰਜਾਬੋਂ ਹੀਰਾਂ ਉੱਠੀਆਂ , ਵਾਰਿਸ ਬਣਤ ਬਣਾਏ
ਜੰਡੀਆਂ ਥੱਲੇ ਬੈਠਾ ਬਾਬਾ , ਖ਼ਾਕੁ ਪਿਆ ਵਡਿਆਏ
ਭੋਲੀ ਨੇ ਅੱਜ ਪਹਿਲੀ ਵਾਰੀ , ਚਾਦਰ 'ਤੇ ਫੁੱਲ ਪਾਏ
ਜੀਤਾਂ ਨੂੰ ਅੱਜ ਉੱਚੇ ਪਿੰਡ ਤੋਂ , ਦੇਖਣ ਵਾਲੇ ਆਏ
ਸਾਉਣ ਮਹੀਨੇ ਤੀਆਂ ਲੱਗੀਆਂ , ਅੱਸੂ ਕਾਜ ਰਚਾਏ
ਲਹਿੰਗਿਆਂ ਦੇ ਵਿੱਚ ਹਾਣ ਦੀਆਂ ਨੇ , ਥੱਬਾ ਥੱਬਾ ਵਲ਼ ਪਾਏ
ਏਸ ਪੰਜਾਬੋਂ ਨਾਨਕ ਤੁਰਿਆ , ਤੁਰਿਆ ਚਹੁੰ ਦਿਸਾਏ
ਏਸ ਪੰਜਾਬੇ ਗੋਬਿੰਦ ਦੇ ਸਿੱਖ , ਗੱਤਕਾ ਖੇਡਣ ਆਏ
ਏਸ ਪੰਜਾਬ ਨੂੰ ਰੱਜ ਕੇ ਲੁੱਟਿਆ , ਹਾਥੀਆਂ-ਘੋੜੇ ਧਾਏ
ਜਿਹੜੇ ਇਸ ਦੇ ਟੁਕੜੇ ਹੋ ਗਏ , ਮੁੜ ਕੇ ਨਾ ਫ਼ਿਰ ਥ੍ਹਿਆਏ ~
|