ਕੱਲ ਦਿੱਲੀ ਵਿੱਚ ਸਾਂ
ਦੇਸ਼ ਦੀ ਰਾਜਧਾਨੀ ਦਿੱਲੀ...
ਜੋ ਕਈ ਵਾਰ ਉੱਜਡ਼ੀ
ਕਈ ਵਾਰ ਵੱਸੀ
ਦਿੱਲੀ ਜੋ ਆਜ਼ਾਦੀ ਤੋਂ ਬਾਦ
ਪੰਜਾਬੀਆਂ ਦਾ ਗਡ਼੍ਹ ਬਣੀ
ਬਾਵਾ ਬਲਵੰਤ ਦੀ ਦਿੱਲੀ
ਇਹ ਦਿੱਲੀ
ਗਿਆਨੀ ਜਸਵੰਤ ਸਿੰਘ
ਗਿਆਨੀ ਹਰੀ ਸਿੰਘ
ਗਿਆਨੀ ਕੁਲਦੀਪ ਸਿੰਘ
ਦੀ ਦਿੱਲੀ ਹੈ
ਜਿਹਡ਼ੇ ਇਸ ਮਹਾਂਨਗਰ ਵਿੱਚ
ਪੰਜਾਬੀ ਦੀ ਵਿਸ਼ਾਲ ਇਮਾਰਤ ਦੇ
ਨੀਂਹ ਦੇ ਪੱਥਰ ਬਣੇ
ਪੰਜਾਬੀ ਦੇ ਨਾਂ ਤੇ
ਦੌਲਤ ਸ਼ੁਹਰਤ ਦਾ ਆਨੰਦ ਮਾਨਣ ਵਾਲਿਆਂ ਨੂੰ
ਅੱਜ ਸ਼ਾਇਦ ਇਹਨਾਂ ਦੇ ਨਾਮ ਵੀ ਯਾਦ ਨਾ ਹੋਵੇ
ਅੰਮ੍ਰਿਤਾ ਪ੍ਰੀਤਮ
ਕਰਤਾਰ ਸਿੰਘ ਦੁੱਗਲ
ਭਾਪਾ ਪ੍ਰੀਤਮ ਸਿੰਘ ਦੀ ਦਿੱਲੀ
ਇਸ ਦਿੱਲੀ ਵਿੱਚ
ਇੱਕ ਦਿੱਲੀ ਯੁਨੀਵਰਸਿਟੀ ਹੈ
ਜਿੱਥੇ ਕਦੇ ਡਾ. ਹਰਿਭਜਨ ਸਿੰਘ ਦੀ ਵਿਦਵਤਾ
ਧਮਾਲ ਪਾਉਂਦੀ ਸੀ
ਜਿੱਥੇ ਕਦੇ ਡਾ. ਨੂਰ ਦਾ ਜਲੌਅ ਸੀ
ਉਦੋਂ ਦਿੱਲੀ ਵਿੱਚ
ਇੱਕ ਹੋਰ ਪੰਜਾਬ
ਜਗਦਾ
ਜਾਗਦਾ
ਟਹਿਕਦਾ
ਮਹਿਕਦਾ ਸੀ
ਉਸੇ ਦਿੱਲੀ ਯੁਨੀਵਰਸਿਟੀ ਚੋਂ
ਪੰਜਾਬੀ ਚੁੱਪ ਚੁਪੀਤੇ ਬੇਦਖ਼ਲ ਕਰ ਦਿੱਤੀ ਗਈ
ਯੁਨੀਵਰਸਿਟੀ ਚ ਪੰਜਾਬੀ ਦੇ ਕਰਤਿਆਂ ਧਰਤਿਆਂ
ਨੇ ਬੁੱਕਲ ਚ ਰੋਡ਼ੀ ਭੰਨ ਲਈ
ਭਾਫ਼ ਵੀ ਨਾ ਨਿਕਲਣ ਦਿੱਤੀ
ਬਿਗਾਨਿਆਂ ਤੇ ਹੁੰਦੇ ਜ਼ੁਲਮਾਂ ਦੇ ਖ਼ਿਲਾਫ਼
ਬੁਲੰਦ ਹੋਣ ਵਾਲੀ ਪੰਜਾਬੀ ਆਵਾਜ਼ ਗੂੰਗੀ ਹੋ ਗਈ
ਯੁਨੀਵਰਸਿਟੀ ਨਾਲ ਜੁਡ਼ੇ ਕਾਲਜਾਂ ਦੇ ਮੁਖੀਆੰ ਵੀ
ਚੁੱਪ ਵੱਟ ਲਈ ਕਨਸੋਅ ਤੱਕ ਪੈਣ ਦਿੱਤੀ
ਇਹ ਕੋਈ ਡਰ ਸੀ
ਲਾਲਚ ਜਾਂ
ਚਲਾਕੀ
ਪਤਾ ਨਹੀਂ
ਬੋਲੀ ਦੇ ਨਾਂ ਤੇ
ਲੱਖਾਂ ਰੁਪਏ ਤਨਖਾਹਾਂ ਲੈਣ ਵਾਲੇ ਚੁੱਪ ਰਹੇ
ਕਰੋਡ਼ਾਂ ਰੁਪਏ ਦੇ ਬਜਟ ਵਾਲੀ
ਪੰਜਾਬੀ ਅਕੈਡਮੀ ਦੀ ਜੀਭ ਠਾਕੀ ਗਈ
ਪੰਜਾਬ ਦੇ ਪਿੰਡਾਂ ਚ ਲਾਇਬਰੇਰੀਆਂ ਉਸਾਰ ਕੇ
ਪਾਠਕੀ ਚੇਤਨਾ ਪੈਦਾ ਕਰਨ ਦਾ ਉਪਰਾਲਾ ਕਰਨ ਵਾਲੀ
ਪੰਜਾਬੀ ਸਾਹਿਤ ਸਭਾ ਵੀ ਚੁੱਪ ਹੀ ਰਹੀ।
ਵਿਦਿਆਰਥੀ ਡੌਰ ਭੌਰੇ ਹੋ ਗਏ
ਰਿਸਰਚ ਸਕਾਲਰ ਪਰੇਸ਼ਾਨ
ਕੋਈ ਰਾਹ ਨਹੀਂ ਸੁਝਦਾ ਸੀ
ਅੰਨੀ ਹਨੇਰੀ ਸਡ਼ਕ
ਰੌਸ਼ਨੀਆਂ ਵਰਗਾ ਕੁਝ ਵੀ ਨਹੀਂ................
ਕੀ ਦੇਸ਼ ਦੀ ਰਾਜਧਾਨੀ ਚੋਂ
ਪੰਜਾਬੀ ਦਾ ਪਡ਼ਾਅ ਵਾਰ ਨਿਕਾਲਾ
ਇੰਜ ਹੀ ਚੁੱਪ- ਚੁਪੀਤੇ ਜਰ ਲਿਆ ਜਾਏਗਾ
"ਨਹੀਂ ਇੰਜ ਨਹੀਂ ਹੋਣ ਦਿੱਤਾ ਜਾਏਗਾ"
ਇਹ ਆਵਾਜ਼ ਪੰਜਾਬ ਸਾਂਝੀਵਾਲ ਜਥੇ ਦੇ ਆਗੂ
ਜਤਿੰਦਰਪਾਲ ਸਿੰਘ ਦੀ ਸੀ
ਲੋਕ ਕਵੀ ਸੰਤ ਰਾਮ ਉਦਾਸੀ ਦੇ ਇਲਾਕੇ
ਰਾਏਕੋਟ ਤੋਂ ਦੇਸ਼ ਦੀ ਰਾਜਧਾਨੀ ਚ
ਕਾਨੂੰਨ ਪਡ਼ਨ ਗਏ ਜਤਿੰਦਰਪਾਲ ਸਿੰਘ ਨੇ
ਮਾਂ ਬੋਲੀ ਦੇ ਕੇਸ ਨੂੰ ਹੱਥ ਪਾ ਲਿਆ
ਅੱਲਡ਼ ਵਰੇਸ ਚ ਵਿਚਰਦੇ
ਕਾਨੂੰਨ ਤੇ ਪੰਜਾਬੀ ਵਿਭਾਗ ਦੇ ਕੁਝ ਵਿਦਿਆਰਥੀ
ਸਿਰ ਜੋਡ਼ ਕੇ ਬੈਠੇ
ਲੰਮੀਆਂ-ਚੈਡ਼ੀਆਂ ਸਲਾਹਾਂ ਦਾ ਵੇਲਾ ਨਹੀਂ ਸੀ
ਕੁਝ ਕਰਨਾ ਜ਼ਰੂਰੀ ਸੀ
ਮਾਅਰਕੇ ਬਾਜ਼ ਐਕਸ਼ਨਾ ਦੀ ਦੁਰਦਸ਼ਾ ਤੋਂ ਖ਼ਬਰਦਾਰ
ਇਸ ਜਥੇ ਨੇ ਆਪਣਾ ਅਸਲ ਰਾਹ ਲੱਭ ਲਿਆ
ਆਪਣੀ ਬੋਲਣ ਵਾਲਿਆਂ ਨਾਲ ਸਾਂਝ ਪਾਉਣ ਦਾ ਰਾਹ
ਹੋਰਨਾਂ ਖੇਤਰੀ ਭਾਸ਼ਾਵਾਂ ਦੇ ਸਿਰਜਕਾਂ
ਨਾਲ ਰਾਬਤੇ ਦਾ ਰਾਹ
ਅੱਜ
(ਜਦ ਇਹ ਲਫ਼ਜ਼ ਲਿਖ ਰਿਹਾ ਹਾਂ)
21 ਦਿਨ ਹੋ ਗਏ ਨੇ
ਬਿਨਾ ਨਾਗਾ
ਜਤਿੰਦਰਪਾਲ,ਹਰਵਿੰਦਰ,ਹਰਸ਼,ਤੇਜਿੰਦਰ
ਆਪਣੇ ਸਾਥੀਆਂ ਨਾਲ
ਦਿੱਲੀ ਦੇ ਕਿਸੇ ਨਾ ਕਿਸੇ ਇਲਾਕੇ ਵਿੱਚ
ਹਰ ਸ਼ਾਮ ਪੰਜਾਬੀ ਜ਼ੁਬਾਨ ਦੇ ਹੱਕ ਵਿੱਚ
ਮੋਮਬੱਤੀਆਂ ਬਾਲਦੇ ਨੇ
ਲੋਗ ਦੇਖਦੇ ਨੇ
ਇਹਨਾਂ ਦੀ ਗੱਲ ਸੁਣਦੇ ਨੇ
ਇਹਨਾਂ ਨਾਲ ਬਹਿਸਦੇ ਨੇ
ਪੰਜਾਬੀ ਦਾ ਸੁਆਲ ਦਿੱਲੀ ਦੇ ਘਰ ਘਰ ਪੁੱਜ ਰਿਹਾ ਹੈ
ਪੰਜਾਬ ਸਾਂਝੀਵਾਲ ਜਥੇ ਵਾਲੇ
ਲੋਕਾਂ ਨੂੰ ਸੁਣਦੇ/ਸਮਝਦੇ ਨੇ
ਤੇ ਫਿਰ ਦੱਸਦੇ ਹਨ
ਕਿ ਕਿਸੇ ਕੌਮ ਨੂੰ ਮਾਰਨ ਲਈ ਹਥਿਆਰ ਦੀ ਜ਼ਰੂਰਤ ਨਹੀਂ
ਜ਼ੁਬਾਨ ਖੋਹ ਲਵੋ ਕੌਮ ਮਰ ਜਾਏਗੀ
"ਨਹੀਂ ਇੰਜ ਨਹੀਂ ਹੋਣ ਦਿੱਤਾ ਜਾਏਗਾ"ਪੰਜਾਬੀ ਇਸੇ ਲਈ ਮਾਰੀ ਜਾ ਰਹੀ ਹੈ
ਇਸ ਜਥੇ ਚ ਕੰਮ ਕਰ ਦੀਆਂ
ਮਨੀਸ਼ਾ,ਗੁਰਦੀਪ,ਗੁਰਪ੍ਰੀਤ(ਵੱਡੀ)ਤੇ ਗੁਰਪ੍ਰੀਤ(ਛੋਟੀ)
ਨੂੰ ਪਤਾ ਹੈ
"ਬੋਲੀ ਦਾ ਰਿਸ਼ਤਾ ਸਿਰਫ ਰੁਜ਼ਗਾਰ ਨਾਲ ਨਹੀਂ ਹੁੰਦਾ"
ਗੁਰਬਚਨ ਭੁੱਲਰ
ਮੋਹਨਜੀਤ
ਸਵਰਾਜਬੀਰ
ਨੱਛਤਰ
ਜਗਤਾਰਜੀਤ
ਸੁਮੇਲ ਸਿਂਘ ਸਿੱਧੂ
ਤੇ ਉਰਦੂ ਵਾਲੇ ਅਲੀ ਜਾਵੇਦ ਨੇ
ਦਿੱਲੀ ਵਿੱਚ ਰੋਜ਼ ਫੈਲ ਰਹੀਆਂ ਰੌਸ਼ਨੀਆਂ ਨੂੰ
ਗਹਿ-ਗੱਡਵਾਂ ਹੁੰਗਾਰਾ ਦਿੱਤਾ ਹੈ
ਅਜੇ ਪੰਜਾਬੀਆਂ ਦੇ ਵੱਡੇ ਹਿੱਸੇ ਨੇ
ਇਸ ਨਵੀਂ ਰੌਸ਼ਨੀ ਨੂੰ ਪਿਆਰਨਾ ਦੁਲਾਰਨਾ ਹੈ
ਦਿੱਲੀ ਵਿੱਚ
ਪੰਜਾਬੀ ਦੀ ਲਡ਼ਾਈ ਦਾ ਪਿਡ਼ ਬੱਝ ਗਿਆ ਹੈ
ਫੈਸਲਾ ਦਿੱਲੀ ਦੇ ਪੰਜਾਬੀਆਂ ਨੇ ਕਰਨਾ ਹੈ
ਦਿੱਲੀ ਵਿੱਚ ਕੁਝ ਹੋਰ ਲੋਗ ਵੀ
ਪੰਜਾਬੀ ਦੀ ਲਡ਼ਾਈ ਲਡ਼ ਰਹੇ ਨੇ
ਉਹਨਾਂ ਦਾ ਮੰਨਣਾ ਹੈ ਕਿ
ਵੱਡੇ ਲੋਕਾਂ ਨੂੰ ਮੰਗ-ਪੱਤਰ ਦੇ ਕੇ
ਵਫ਼ਦ ਮਿਲ ਕੇ ਮਸਲਾ ਹੱਲ ਕੀਤਾ ਜਾ ਸਕਦਾ ਹੈ
ਹੋ ਸਕਦਾ ਹੈ ਕਿ ਆਪਣੀ ਥਾਂ ਉਹ ਠੀਕ ਸੋਚਦੇ ਹੋਣ
ਪਰ ਪੰਜਾਬ ਸਾਂਝੀਵਾਲ ਜਥੇ ਵਾਲਿਆਂ ਨੇ
ਬੁਨਿਆਦੀ ਪਰ ਔਖਾ ਰਾਹ ਚੁਣਿਆਂ ਹੈ
ਦਿੱਲੀ ਵਿੱਚ
ਪੰਜਾਬੀ ਚੇਤਨਾ ਦੇ ਦੀਵੇ ਜਗਾਉਂਦੇ
ਇਹਨਾਂ ਨੈਜਵਾਨਾਂ ਨੂੰ ਮਿਲ ਕੇ
ਇਹਨਾਂ ਦੇ ਜਜ਼ਬਿਆਂ ਨੂੰ ਸਲਾਮ ਕਰਕੇ
ਇਹਨਾੰ ਦੀ ਲਡ਼ਾਈ ਵਿੱਚ ਹਾਜ਼ਰੀ ਭਰ ਕੇ
ਆਪਣਾ ਆਪ ਚੰਗਾ ਚੰਗਾ ਲੱਗ ਰਿਹਾ ਹੈ
ਹਰਮੀਤ ਵਿਦਿਆਰਥੀ