ਮੈਨੂੰ ਯਾਦ ਹੈ ਓਹ ਪਹਿਲੀ ਵਾਰ
ਜਦ ਮੈਂ ਤੈਨੂੰ ਵੇਖ ਕੇ ਅਖ ਝੁਕਾਈ ਸੀ
ਮੁਖ ਤੇ ਤੇਜ, ਬੁੱਲਾਂ ਤੇ ਮੁਸਕੁਰਾਹਟ
ਆਤਮ ਵਿਸ਼ਵਾਸ ਦੀਆਂ ਲਹਿਰਾਂ ਚ ਗਦਗਦ ਕਰਦਾ ਚੇਹਰਾ
ਰੂਪ ਦੀ ਸਿੱਪੀ ਚ ਮੋਤੀ ਜਿਹੇ ਸ਼ਖਸ ਦੀ ਦੀਵਾਨੀ ਹੋ ਗਈ ਸੀ ਮੈਂ
ਲੱਗਿਆ ਕੇ ਤੇਰੀ ਨਜ਼ਰ ਚ ਨਜ਼ਰ ਮਿਲਾਉਣ ਲਈ ਰੁਤਬਾ ਨਹੀ ਸੀ ਮੇਰੇ ਕੋਲ
ਸੋ ਮੈਂ ਨਜ਼ਰ ਝੁਕਾ ਲਈ .....
.
.
ਮੈਨੂ ਯਾਦ ਹੈ ਓਹ ਦੂਜੀ ਵਾਰ
ਮੇਰੀ ਨਿੱਕੀ ਜਿਹੀ ਗਲਤੀ ਨੇ
ਤੇਰੀਆਂ ਚਮਕਦੀਆਂ ਅਖਾਂ ਨੂੰ
ਗੁੱਸੇ ਦੀ ਅੱਗ ਚ ਲਾਲ ਕਰ ਦਿੱਤਾ ਸੀ
ਸਫਾਈ ਦੇਣ ਲਈ ਪਨਪੇ ਓਹ ਸ਼ਬਦ
ਪਛਤਾਵੇ ਚ ਸੁਲਗਦੇ ਅਖਰਾਂ ਦੀ ਰਾਖ ਬਣ ਰਹਿ ਗਏ
ਤਦ ਤੇਰੀਆਂ ਅਖਾਂ ਚ ਅਖਾਂ ਪਾਉਣ ਦੀ ਤਾਕਤ ਨਹੀ ਸੀ ਮੇਰੇ ਕੋਲ
ਸੋ ਮੈਂ ਨਜ਼ਰ ਝੁਕਾ ਲਈ .....
.
.
ਮੈਨੂੰ ਯਾਦ ਹੈ ਓਹ ਆਖਰੀ ਵਾਰ
ਮੇਰੀ ਵਫ਼ਾ ਨੂੰ ਮੇਹਰਬਾਨੀ ਸਮਝ
ਤੈਂ ਮੁੱਲ ਉਸ ਦਾਅਵਤ ਨਾਲ ਪਾਇਆ ਜੋ
ਤੇਰਾ ਕਿਸੇ ਹੋਰ ਦਾ ਹੋਣ ਦੀ ਖੁਸ਼ੀ ਚ
ਸਜੀ ਮਹਫ਼ਿਲ ਲਈ ਦਿੱਤੀ ਸੀ
ਓਦੋ ਵੀ ਖਾਰੇ ਪਾਣੀ ਦਾ ਭਾਰ ਸੇਹ ਨਾ ਸਕੀਆਂ ਪਲਕਾਂ
ਤੇਰੀਆਂ ਅਖਾਂ ਚ ਅਖਾਂ ਪਾਉਣ ਲਈ ਵਜਾਹ ਨਹੀ ਸੀ ਮੇਰੇ ਕੋਲ
ਸੋ ਮੈਂ ਨਜ਼ਰ ਝੁਕਾ ਲਈ .....