ਬਲਦੇ ਬਿਰਖ...
ਸਮੇਂ ਦੀ ਅਦਾਲਤ 'ਚ ਉਂਜ ਤਾਂ ਸਭ ਨਾਲ ਸੀ ਮੇਰੇ ,
ਪਰ ਮੇਰੇ ਸੱਚ ਦਾ ਕੋਈ ਗਵਾਹ ਨਹੀਂ ਸੀ |
ਔਕੜਾਂ ਦੇ ਪਲਾਂ 'ਚ ਜਦ ਅਜ਼ਮਾਇਆ ਅਪਣਿਆਂ ਨੂੰ ,
ਫੇਰ ਕਿਸੇ ਨੂੰ ਅਪਣਾ ਕਹਿਣ ਦੀ ਚਾਹ ਨਹੀਂ ਸੀ |
ਕੁਮਲਾਉਂਦਾ ਰਿਹਾ ਉਹ ਨਾਜ਼ਕ ਫੁੱਲ ਸਿਖਰ-ਦੁਪਹਿਰੇ ,
ਪਰ ਛਾਂਵਾਂ ਨੂੰ ਉਸ ਦੀ ਕੋਈ ਪਰਵਾਹ ਨਹੀਂ ਸੀ |
ਸਹਿਣ ਨੂੰ ਹਾਲੇ ਦੁੱਖ ਤਾਂ ਪਏ ਸੀ ਕਈ ਹੋਰ ਬਥੇਰੇ ,
ਪਰ ਇਸ ਜਿੰਦ ਕੋਲ ਬਚਿਆ ਕੋਈ ਸਾਹ ਨਹੀਂ ਸੀ |
ਬਲਦੇ ਬਿਰਖ , ਤਪਦੇ ਥਲ , ਸਿਸਕਦੀਆਂ ਪੌਣਾਂ ,
ਇਨ੍ਹਾਂ ਤੋਂ ਬਿਨਾਂ ਕਦਮਾਂ 'ਚ ਕੋਈ ਰਾਹ ਨਹੀਂ ਸੀ |