ਦੋਸਤੋ ਇਹ ਗੀਤ ਪਿਛਲੇ ਸਾਲ ਵੀ post ਕੀਤਾ ਸੀ | ਕਿਓੰਕੇ ਰੱਖੜੀ ਦਾ ਤਿਓਹਾਰ ਆ ਰਿਹਾ ਹੈ ਇਸ ਲਈ ਇੱਕ ਵਾਰ ਫਿਰ ਆਪ ਦੇ ਸਾਹਮਣੇ ਪੇਸ਼ ਕਰਨ ਲੱਗਾ ਹਾਂ | ਉਮੀਦ ਹੈ ਕੇ ਤੁਹਾਨੂੰ ਪਸੰਦ ਆਵੇਗਾ ,,,
ਆਉਂਦੀ ਤੇਰੀ ਯਾਦ ਵੀਰਨਾਂ
ਸੁਣ ਮੇਰੀ ਫਰਿਆਦ ਵੀਰਨਾਂ
ਇਕ ਦਿਨ ਆਖਰ ਮੁੱਕ ਜਾਣੀਂ
ਵੇ ਮੇਰੀ ਜਿੰਦ ਗਮਾਂ ਵਿਚ ਜਕੜੀ ਵੇ,,,
ਤੂੰ ਨਾਂ ਵਤਨੀਂ ਮੁੜਿਆ ਵੀਰਾ
ਦੱਸ ਕੀਹਦੇ ਬੰਨਾਂ ਰੱਖੜੀ ਵੇ,,,
ਮਾਂ ਵੀ ਤੈਨੂੰ ਚੇਤੇ ਕਰਦੀ
ਹਰ ਪਲ ਵੀਰਾ ਰਹਿੰਦੀ ਮਾਰਦੀ
ਸੀਨੇ ਲਾਕੇ ਫੋਟੋ ਤੇਰੀ
ਸਾਰੀ ਰਾਤ ਓਹ੍ਹ ਹੌਂਕੇ ਭਰਦੀ
ਅੰਦਰੋਂ ਅੰਦਰੀ ਧੁੱਖਦੀ ਰਹਿੰਦੀ
ਜਿਵੇਂ ਧੁੱਖਦੀ ਗਿੱਲੀ ਲਕੜੀ ਵੇ,,,
ਤੂੰ ਨਾਂ ਵਤਨੀਂ ਮੁੜਿਆ ਵੀਰਾ
ਦੱਸ ਕੀਹਦੇ ਬੰਨਾਂ ਰੱਖੜੀ ਵੇ,,,
ਬਾਪੂ ਵੀ ਹੁਣ ਤੁਰਨੋਂ ਰਹਿ ਗਿਆ
ਦਰਦ ਤੇਰਾ ਦਿਲ ਲਾਕੇ ਬਹਿ ਗਿਆ
ਸ਼ਾਹੂਕਾਰ ਘਰ ਆਕੇ ਇੱਕ ਦਿਨ
ਕਾਗ਼ਜ ਤੇ ਗੂਠਾ ਲਾਕੇ ਲੈ ਗਿਆ
ਫਸ ਗਏ ਆਪਾਂ ਜਾਲ ਚ ਵੀਰਾ
ਕਰਜ਼ੇ ਵਾਲੀ ਮਕੜੀ ਦੇ,,,
ਤੂੰ ਨਾਂ ਵਤਨੀਂ ਮੁੜਿਆ ਵੀਰਾ
ਦੱਸ ਕੀਹਦੇ ਬੰਨਾਂ ਰੱਖੜੀ ਵੇ,,,
ਤੇਰੀ ' ਡਿਗਰੀ ' ਦਾ ਮੁੱਲ ਜੇ ਪੈਂਦਾ
ਫਿਰ ਕਾਹਨੂੰ ਜਾ ਪਰਦੇਸੀਂ ਬਹਿੰਦਾ
ਵੋਟਾਂ ਲੈਣ ਤੋ ਬਾਅਦ " ਹਰਪਿੰਦਰ "
ਕਿਓਂ ਹਾਕਮ ਸਾਡੀ ਸਾਰ ਨੀਂ ਲੈਂਦਾ
ਹੁਣ " ਪੰਜਾ " ਪੱਗ ਨੂੰ ਹੱਥ ਹੈ ਪਾਉਂਦਾ
ਤੇ ਝੂਠ ਤੋਲਦੀ " ਤੱਕੜੀ " ਵੇ,,,
ਤੂੰ ਨਾਂ ਵਤਨੀਂ ਮੁੜਿਆ ਵੀਰਾ
ਦੱਸ ਕੀਹਦੇ ਬੰਨਾਂ ਰੱਖੜੀ ਵੇ,,,
ਹਰਪਿੰਦਰ " ਮੰਡੇਰ "