ਰੁੱਖਾਂ ਕੋਲੋਂ ਛਾਵਾਂ ਖੋਹ ਲੌ
ਬਚਿਆਂ ਕੋਲੋਂ ਮਾਵਾਂ ਖੋਹ ਲੌ।
ਜਿਹਨਾਂ ਕਲ ਲਲਕਾਰੇ ਬਣਨਾ
ਅਜ ਹੀ ਉਹ ਸਦਾਵਾਂ ਖੋਹ ਲੌ।
ਚਾਨਣ ਆਸ ਤੇ ਲਗੀਆਂ ਨੇ ਜੋ
ਉਹ ਗੁਸਤਾਖ ਨਗਾਹਵਾਂ ਖੋਹ ਲੌ।
ਖੂਹ ਚੋਂ ਪਾਣੀ ਨਾ ਕੋਈ ਕੱਢੇ
ਭੌਣੀ ਬੋਕਾ ਲਾਵਾਂ ਖੋਹ ਲੌ।
ਹੋਂਟ ਨਾ ਹਿੱਲਣ ਜੀਭ ਨਾ ਫੜਕੇ
ਚੀਕਾਂ ਕੂਕਾਂ ਹਾਵਾਂ ਖੋਹ ਲੌ।
ਚੌਂਹ ਕੂਟਾਂ ਦੇ ਰਾਹੀ ਡੱਕੋ
ਕੰਡੇ ਸੁੱਟੋ ਰਾਹਵਾਂ ਖੋਹ ਲੌ।
ਲੇਖਕ ਦੇ ਹਥ ਕਲਮ ਨਾ ਹੋਵੇ
ਜੱਟ ਦੇ ਕੋਲੋਂ ਗਾਵਾਂ ਖੋਹ ਲੌ।
ਚਾਨਣ ਦੀ ਫੁਲਕਾਰੀ ਪਾੜੋ
ਕਣਕਾਂ ਫੁੱਲ ਕਪਾਹਾਂ ਖੋਹ ਲੌ।
ਬਾਲ ਗਰੀਬਾਂ ਦੇ ਨਾ ਖੇਲਣ
ਇਹਨਾਂ ਕੋਲੋਂ ਬਾਹਵਾਂ ਖੋਹ ਲੌ।
ਆਡਰ ਆਇਆ ਇਹ ਈਵਾਨੋਂ
ਕਾਗਤ ਹੱਥੋਂ ਨਾਵਾਂ ਖੋਹ ਲੌ।
ਬੋਲ ਅਵੱਲੜੇ ਬੋਲ ਰਿਹਾ ਏ
ਹਸਨ ਦੀਆਂ ਅਜ ਸਾਹਵਾਂ ਖੋਹ ਲੌ।
ਹਸਨ ਮਲਿਕ- ਪਾਕਿਸਤਾਨ