ਜਲੰਧਰ ਤੋਂ ਛਪਦੇ ਮਾਸਿਕ 'ਸੰਗਰਾਮੀ ਲਹਿਰ' ਦੇ ਜੁਲਾਈ ਅੰਕ 'ਚ ਛਪੀ ਸੁਭਾਸ਼ ਦੀਵਾਨਾ ਜੀ ਦੀ ਰਚਨਾ ਆਪ ਸਭ ਨਾਲ ਸਾਂਝਿਆਂ ਕਰਨ ਜਾ ਰਿਹਾ ਹਾਂ ਉਮੀਦ ਹੈ ਪਸੰਦ ਕਰੋਗੇ....
ਸਾਡਾ ਦੇਸ਼ ਮਹਾਨ ਬਹੁਤ ਜੇ
ਸਾਡੇ ਦੇਸ਼ ਦੀ ਸ਼ਾਨ ਬਹੁਤ ਜੇ
ਕਾਗਜ਼ਾਂ ਅੰਦਰ ਪੁਲ ਬਣਦੇ ਤੇ,
ਕਾਗਜ਼ਾਂ ਅੰਦਰ ਢਹਿ ਜਾਂਦੇ ਨੇ
ਚੰਦ ਘਰੀਂ ਜੋ ਜਾਂਦੇ ਪੈਸੇ,
ਦੇਸ਼ ਦੇ ਖਾਤੇ ਪੈ ਜਾਂਦੇ ਨੇ
ਨੇਤਾਵਾਂ, ਅਫਸਰਸ਼ਾਹਾਂ ਦਾ,
ਸੱਚ ਪੁੱਛੋ ਅਹਿਸਾਨ ਬਹੁਤ ਜੇ
ਸਾਡਾ ਦੇਸ਼.............
ਮਿਹਨਤਕਸ਼ ਇਨਸਾਨ ਦੀ ਹਾਲਤ,
ਸੱਚ ਪੁੱਛੋ ਤਾਂ ਨਰਕ ਜਹੀ ਹੈ
ਘੋਰ ਨਿਰਾਸ਼ਾ ਵਿੱਚ ਜਵਾਨੀ,
ਨਸ਼ਿਆਂ ਅੰਦਰ ਗਰਕ ਰਹੀ ਹੈ
ਚੋਰ ਉਚੱਕੇ ਦਾ ਪਰ ਏਥੇ,
'ਪਰਿਆ' ਵਿੱਚ ਸਨਮਾਨ ਬਹੁਤ ਜੇ
ਸਾਡਾ ਦੇਸ਼.............
ਹੱਦਾ ਤੋੜ ਤੁਰੀ ਮਹਿੰਗਾਈ,
ਪਸਰੀ ਜਾਵੇ ਬੇਰੁਜ਼ਗਾਰੀ
ਰਾਜੇ ਸ਼ੀਂਹ ਮੁਕੱਦਮ ਕੁੱਤੇ,
ਐਸ਼ਾਂ ਕਰਨ ਪਏ ਦਰਬਾਰੀ
ਦੇਸ਼ ਮੇਰੇ ਦਾ ਚਾਲਕ ਐਪਰ
ਸੱਚ ਕਹਿੰਨੇ 'ਵਿਦਵਾਨ' ਬਹੁਤ ਜੇ
ਸਾਡਾ ਦੇਸ਼.............
ਵਿੱਚ ਅਦਾਲਤ ਹੋਣ ਫੈਸਲੇ,
ਪਰ ਹੁੰਦਾ ਇਨਸਾਫ ਨਹੀਂ ਹੈ
ਵਧਦੀ ਪਈ ਸ਼ੈਤਾਨ ਦੀ ਆਂਦਰ,
ਪੇਟ ਅਦਲ ਦਾ ਸਾ਼ਫ ਨਹੀਂ ਹੈ
ਸੱਠ ਸਾਲਾ ਸਾਡਾ ਗਣਤੰਤਰ,
ਇਸ ਗੱਲੋਂ ਪਰੇਸ਼ਾਨ ਬਹੁਤ ਜੇ
ਸਾਡਾ ਦੇਸ਼.............
ਲੋਕ ਨੇ ਗੂਹੜੀ ਨੀਂਦਰ ਸੁੱਤੇ,
ਜਾਗਣ ਵੀ ਤਾਂ ਮੰਨਣ ਭਾਣਾ
ਜਿੰਨਾ ਭੈੜਾ ਉਨਾ ਉੱਚਾ,
ਮਾਇਆਧਾਰੀ ਬੀਬਾ ਰਾਣਾ
ਭਾਵੇਂ ਹੋਣ ਉਹ ਚੰਦ ਸੈਕੜੇ,
ਪਰ 'ਲੋਕੀਂ' ਧਨਵਾਨ ਬਹੁਤ ਜੇ
ਸਾਡਾ ਦੇਸ਼.............
ਚੋਣਾਂ ਵਿੱਚੋਂ ਮੁਕਤੀ ਲੱਭਦੇ,
ਭੋਲੇ ਭਾਲੇ ਝੱਲੇ ਲੋਕੀਂ
ਨੇਤਾ ਚੂਸ ਕੇ ਸੁੱਟ ਦਿੰਦੇ ਨੇ,
ਆਪਣੇ ਹਾਮ ਤੇ 'ਕੱਲੇ' ਲੋਕੀਂ
ਹੈ ਥੱਲੇ ਲੱਗਾ ਸਾਮਰਾਜ ਦੇ,
ਇਹ ਸਿਸਟਮ ਸ਼ੈਤਾਨ ਬਹੁਤ ਜੇ
ਸਾਡਾ ਦੇਸ਼.............
ਹੁਣ ਤਾਂ ਚੁੱਕ ਕੇ ਇਨ੍ਹਾਂ ਰਹਿਬਰਾਂ,
ਦੇਸ਼ ਮੇਰੇ ਨੂੰ ਗਹਿਣੇ ਧਰਿਆ
ਏਨਾ ਖੂੰਨ ਸਫੈਦ ਹੋ ਗਿਆ,
ਗੈਰਤ ਨਾਂ ਦਾ ਰੰਗ ਹੈ ਮਰਿਆ
ਚਿਤਵਿਆ ਸੀ ਜੋ ਦੇਸ਼ ਭਗਤਾਂ ਨੇ,
ਉਹ ਸੁਪਨਾ ਹੈਰਾਨ ਬਹੁਤ ਜੇ
ਸਾਡਾ ਦੇਸ਼.............