
ਗਰਲਜ਼ ਸਕੂਲ
ਗਰਲਜ਼ ਹੋਸਟਲ
ਗਰਲਜ਼ ਕਾਲਜ ਦੇ ਨੇੜੇ
ਰੋਜ਼ਾਨਾ ਬੁੱਲਟ ਦੇ ਪਟਾਕੇ ਛੱਡਦੀ ਮੁੰਡ੍ਹੀਰ ਵਲੋਂ
ਮਲਾਲਾ ਤੈਨੂੰ ਸਲਾਮ.......
ਮਾਸੂਮਾਂ ਦੇ ਲੱਕ ਮਿਣਨ ਵਾਲੇ
ਗਾਇਕਾਂ ਅਤੇ ਗੀਤਕਾਰਾਂ
ਰੋਜ਼ਾਨਾ ਘਰੋਂ ਦੂਰ-ਦੁਰੇਡੇ
ਤਾਲੀਮ ਹਾਸਲ ਕਰਨ ਜਾਂਦੀਆਂ ਵਿਦਿਆਰਥਣਾਂ ਨੂੰ
ਬੱਸਾਂ ਵਿੱਚ ਜ਼ਲੀਲ ਕਰਨ ਵਾਲੇ
ਡਰਾਈਵਰਾਂ/ਕੰਡਕਟਰਾਂ ਅਤੇ ਬਾਊਆਂ ਵਲੋਂ
ਮਲਾਲਾ ਤੈਨੂੰ ਸਲਾਮ...............।
ਹਿਰਦੇ ਵਲੂਧਰਦੀ ਚੀਕ
ਮਹਿਲਕਲਾਂ ਦੀ ਕਿਰਨਜੀਤ
ਤੇਰੇ ਵਰਗੀ ਮਜ਼ਬੂਤ
ਸੀ ਤੇਰੇ ਵਰਗੀ ਢੀਠ
ਓਸ ਨਾਲ ਵੀ ਤੇਰੇ ਵਾਂਗੂੰ
ਤੈਥੋਂ ਵਧਕੇ ਈ ਸੀ ਜੋ ਹੋਇਆ
ਨਾ ਧਰਤੀ ਦਾ ਸੀਨਾ ਫਟਿਆ
ਨਾ ਅੰਬਰ ਖੁੱਲ੍ਹ ਕੇ ਰੋਇਆ
ਓਸ ਬੋਟ ਦੇ ਪਰ ਨੋਚਣ ਵਾਲੇ ਕਾਤਲਾਂ ਦਾ ਪੱਖ ਪੂਰਦੀ ਰਹੀ
ਪੰਜਾਬ ਸਰਕਾਰ ਵਲੋਂ
ਮਲਾਲਾ ਤੈਨੂੰ ਸਲਾਮ........।
ਕਾਲੇ ਕਾਨੂੰਨਾਂ ਵਿਰੁੱਧ ਮੋਰਚਾ ਖੋਲ੍ਹੀ ਬੈਠੀ
ਸਰਕਾਰੀ ਜ਼ਬਰ ਵਿਰੁੱਧ ਇਕੱਲ੍ਹੀ ਹੀ
ਮੈਦਾਨ-ਏ-ਜੰਗ ਵਿੱਚ ਲੜ-ਮਰ ਰਹੀ
ਮਣੀਪੁਰ ਦੀ ਧੀ
ਇਰੋਮ ਚਾਰੂ ਸ਼ਰਮੀਲਾ ਕੋਲੋਂ ਨਜ਼ਰਾਂ ਚੁਰਾ ਕੇ
ਭਾਰਤ ਸਰਕਾਰ ਵਲੋਂ
ਮਲਾਲਾ ਤੈਨੂੰ ਸਲਾਮ......।
ਬੇਗਾਨੀ ਧੀ ਨੂੰ
ਅਖਬਾਰਾਂ ਦਾ ਮਸਾਲਾ ਬਣਾਉਣ ਖਾਤਿਰ
ਖਬਰਾਂ ਲੱਭਦੇ ਪੱਤਰਕਾਰਾਂ/ਬੁੱਧੀਜੀਵੀਆਂ ਵਲੋਂ
ਆਤਮਹੱਤਿਆ ਲਈ ਮਜ਼ਬੂਰ ਕਰਨ ਵਾਲੇ
ਅਤੇ ਉਸ ਦੀ ਮਜ਼ਬੂਰੀ ਅਤੇ ਮਾਸੂਮੀਅਤ ਵਿੱਚੋਂ
ਤਰੱਕੀ ਲੱਭਦੀਆਂ ਪੁਲਸਣੀਆਂ ਵਲੋਂ
ਮਲਾਲਾ ਤੈਨੂੰ ਸਲਾਮ....।
ਔਰਤ ਲਈ ਤਾਲੀਬਾਨੀ ਸ਼ਿਕੰਜਾ ਕੱਸੀ ਬੈਠੀਆਂ
ਖਾਪ ਪੰਚਾਇਤਾਂ ਵਲੋਂ,
ਪੜ੍ਹੀਆਂ ਲਿਖੀਆਂ ਦੀਆਂ ਗੁੱਤਾਂ ਪੁੱਟਣ ਵਾਲੇ
ਸਰਦਾਰ ਮਲੂਕਿਆਂ ਵਲੋਂ
ਤੋਤੀ ਚਮਚਿਆਂ ਵਲੋਂ
ਮਲਾਲਾ ਤੈਨੂੰ ਸਲਾਮ....।
ਮਲਾਲਾ!
ਇਨ੍ਹਾਂ ਚਾਂਦੀ ਦੇ ਵਰਕਾਂ ਵਿੱਚ ਲਪੇਟੇ ਸਲਾਮਾਂ ਵਿੱਚੋਂ
ਇੱਕ ਮੇਰਾ ਵੀ ਘਸਿਆ ਜਿਹਾ ਸਲਾਮ ਕਬੂਲ ਕਰੀਂ
ਕਿਉਂ ਕਿ ਇਹ ਤੇਰੇ ਤੱਕ ਪੁੱਜਣ ਤੋਂ ਪਹਿਲਾਂ
ਰਾਹ ਵਿੱਚ ਬਹੁਤ ਮਲਾਲਾਂ ਕੋਲੋਂ ਹੋ ਕੇ ਆਇਆ ਹੈ
ਕਬੂਲ ਕਰੀਂ ਮੇਰਾ ਘਸਿਆ ਹੋਇਆ ਸਲਾਮ.....।।
ਸੁਰਜੀਤ ਗੱਗ