ਪ੍ਰਮਾਤਮਾ ਦਾ ਸਰਬਵਿਆਪਕ ਗੁੱਣ ਹੈ ਕਿ ਉਹ ਹਰੇਕ ਜੀਵ ਅਤੇ ਹਰ ਗੁੱਣ ਨੂੰ ਭੋਗਣ ਦੀ ਸਮਰਥਾ ਰੱਖਦਾ ਹੈ ।ਉਹ ਜੋਗੀਆਂ ਵਿੱਚ ਜੋਗੀ ਭੋਗੀਆਂ ਵਿੱਚ ਭੋਗੀ ਹੈ ।ਉਸ ਦਾ ਅੰਤ ਕੋਈ ਨਹੀਂ ਪਾਇਆ ਜਾ ਸਕਦਾ । ਉਸ ਦਾ ਬਿਰਦ ਹੈ ਕਿ ਉਸਦਾ ਹਰ ਜੀਵ ਅੈਸੇ ਗੁੱਣਾਂ ਦਾ ਧਾਰਨੀ ਹੋ ਕੇ ਹੁਕਮ ਵਿੱਚ ਰਹਿ ਪ੍ਰਮਾਤਮਾ ਵਿੱਚ ਲੀਨ ਹੋ ਸਕੇ । ਇਸੇ ਕਾਰਨ ਹਰ ਜੀਵ ਨੂੰ ਸਮਰਥਾ ਅਨੁਸਾਰ ਬੁੱਧ ਬਿਬੇਕ ਦਿਤੀ ਹੈ । ਗੁਰਮੁਖ ਪ੍ਰਮਾਤਮਾ ਦੇ ਹੁਕਮ ਨੂੰ ਪ੍ਰਵਾਨ ਕਰਕੇ ਉਸ ਦੀ ਕੁਦਰਤ ਨੂੰ ਭੋਗਦਾ ਸੰਤੋਖੀ ਅਤੇ ਦਇਆਵਾਨ ਹੋ ਪ੍ਰਮਾਤਮਾ ਤੋਂ ਕੁਰਬਾਨ ਜਾਂਦਾ ਹੈ । ਮਨਮੁਖ ਬੁੱਧ ਦੀ ਵਰਤੋਂ ਸੰਸਾਰ ਭੋਗਣ ਅਤੇ ਪ੍ਰਮਾਤਮਾ ਦੇ ਅੰਤ ਨੂੰ ਪਾਉਣ ਲਈ ਵਰਤਦਾ ਸਦਾ ਅਤਿ੍ਪਤ ਰਹਿੰਦਾ ਹੈ । ਪ੍ਰਮਾਤਮਾ ਨੇ ਕੁਦਰਤ ਨੂੰ ਪੈਦਾ ਕਰਕੇ ਧੰਦੇ ਲਾਇਆ ਹੋਇਆ ਹੈ ਤਾਂਕਿ ਜੀਵ ਕੁਦਰਤ ਵਿੱਚੋਂ ਕਾਦਰ ਨੂੰ ਅਨੁਭਵ ਕਰ ਸਕੇ । ਕੁਦਰਤ ਦੀ ਹੋਂਦ ਦਾ ਪ੍ਰਗਟ ਹੋਣਾ ਨਾਮ ਦਾ ਪ੍ਰਤਾਪ ਹੈ । ਜੀਵ ਅੰਦਰ ਗਿਆਨ ਦੀ ਲੋਅ ਪੈਦਾ ਕਰਕੇ ਹਰ ਤਰ੍ਹਾਂ ਦੇ ਗਿਆਨ ਸਰੋਤ ਨੂੰ ਜਾਗਿ੍ਤ ਕੀਤਾ ਹੈ ਤਾਂਕਿ ਜੀਵ ਨੂੰ ਆਪਣੇ ਮੂਲ ਨਾਲ ਜੁੜਣ ਵਿੱਚ ਕੋਈ ਦੁਬਿਧਾ ਨਾ ਰਹਿ ਸਕੇ । ਕੁਦਰਤ ਦੇ ਪ੍ਰਕਾਸ਼ ਹੋਣ ਵਿੱਚ ਪ੍ਰਮਾਤਮਾ ਨੇ ਨਾਮ ਸ਼ਬਦ ਨੂੰ ਮੂਲ ਸਰੋਤ ਬਣਾਇਆ ਪਰ ਕੁਦਰਤ ਦੇ ਵਿਸਥਾਰ ਵਿੱਚ ਜੀਵ ਆਤਮਾ ਨੂੰ ਸਾਧਨ ਬਣਾਇਆ ਹੈ । ਜੀਵ ਆਤਮਾ ਨੇ ਆਪਣਾ ਟਿਕਾਣਾ ਕਾਂਇਆਂ ਨੂੰ ਬਣਾਇਆ ਤਾਂਕਿ ਜੀਵ ਲਿਵ ਜੋੜ ਕੇ ਫਿਰ ਪ੍ਰਮਾਤਮਾ ਵਿੱਚ ਲੀਨ ਹੋ ਸਕੇ । ਗੁਰਮੁਖ ਇਹ ਜਾਣਦੇ ਹਨ ਕਿ ਜਿਸ ਜੀਵ ਨੇ ਭਾਣੇ ਦਾ ਆਨੰਦ ਮਾਣਿਆ ਹੈ ਉਹਨਾਂ ਦੇ ਮਨੋਂ ਹਰ ਤਰ੍ਹਾਂ ਦਾ ਭਰਮ ਦੂਰ ਹੋ ਗਿਆ ਹੈ । ਭਾਣੇ ਵਿੱਚ ਰਹਿਣਾ ਪ੍ਰਮਾਤਮਾ ਦੀ ਕਿਰਪਾ ਦੇ ਪਾਤਰ ਹੋਣਾ ਹੈ । ਇਹੀ ਕਿਰਪਾ ਜੀਵ ਨੂੰ ਆਪਣੇ ਮੂਲ ਨਾਲ ਜੁੜਣ ਵਿੱਚ ਸਹਾਇਤਾ ਕਰਦੀ ਹੈ । ਹਰ ਜੀਵ ਲਿਵ ਤੋਂ ਬਗੈਰ ਨਾਮ ਨਹੀਂ ਸਿਮਰ ਸਕਦਾ । ਸੁਚੱਜੀ ਜੀਵਨ ਜਾਚ ਖੁਦ ਅਤੇ ਆਲੇ ਦੁਆਲੇ ਨੂੰ ਸਾਫ ਸੁਧਰਾ ਰੱਖ ਸਕਦਾ ਹੈ ।ਗੁਰਮੁਖ ਜੀਵ ਆਤਮਾ ਇਹ ਜਾਣ ਜਾਂਦੀ ਹੈ ਕਿ ਪ੍ਰਮਾਤਮਾ ਨੂੰ ਕਿਸੇ ਪ੍ਰਗਟ ਨਹੀਂ ਕੀਤਾ ਅਤੇ ਨਾ ਹੀ ਉਸਦਾ ਕੋਈ ਅੰਤ ਪਾ ਸਕਦਾ ਹੈ । ਮੋਹ ਮਨ ਤੇ ਪਕੜ ਨੂੰ ਜਾਨਣ ਅਤੇ ਮੁਕਤ ਹੋਣ ਮਾਇਆ ਅਤੇ ਵਾਸ਼ਨਾਵਾਂ ਦੀ ਲਈ ਸੱਚ ਹੀ ਅਸਲ ਮਾਰਗ ਹੈ । ਸੱਚ ਜਾਨਣ ਅੇ ਪ੍ਰਵਾਨ ਕਰਨ ਨਾਲ ਜੀਵ ਪਰਮ ਗਤ ਨੂੰ ਪ੍ਰਾਪਤ ਹੁੰਦਾ ਹੈ । ਪਰਮ ਗਤ ਦੀ ਪ੍ਰਾਪਤੀ ਲਈ ਜੀਵ ਤਰ੍ਹਾਂ ਤਰ੍ਹਾਂ ਦੇ ਪਾਖੰਡ ਕਰਦਾ ਹੈ । ਜੀਵ ਇਨਸਾਨੀਅਤ ਤਿਆਗ ਸੁਰ ਨਰ ਮੁਨ ਜਨ ਦਾ ਭੇਖ ਧਾਰਨ ਕਰਕੇ ਪਰਮ ਗਤ ਦੀ ਖੋਜ ਕਰਦਾ ਹੈ ਅਤੇ ਆਪਣੇ ਮੂਲ ਨੂੰ ਗੁਆ ਬੈਠਦਾ ਹੈ । ਅਸਲ ਵਿੱਚ ਸ਼ਬਦ ਅਤੇ ਸੁਰਤ ਦੇ ਮਿਲਾਪ ਹੀ ਸਤਿਸੰਗਤ ਹੈ । ਸੱਚੇ ਨਾਮ ਦੀ ਲੋਚਾ ਜੀਵ ਨੂੰ ਮਿਲਾਪ ਪ੍ਰਤੀ ਪ੍ਰੇਰਿਤ ਕਰਦੀ ਹੈ । ਗੁਰਮੁਖ ਦੇ ਮਨ ਅੰਦਰ ਜਦ ਨਾਮ ਵਸ ਜਾਂਣ ਨਾਲ ਉਸਦੇ ਅਨੁਭਵ ਦਾ ਖੇਤਰ ਵੱਧ ਜਾਂਦਾ ਹੈ । ਨਾਮ ਹੁਕਮ ਵਿੱਚ ਤਬਦੀਲ ਹੋ ਜਾਂਦਾ ਹੈ ਜਿਸ ਨਾਲ ਜੀਵਨ ਵਿੱਚ ਸਹਜ ਪ੍ਰਾਪਤ ਹੁੰਦਾ ਹੈ ।
ਪ੍ਰਮਾਤਮਾ ਆਪਣੀ ਸਾਜੀ ਹੋਈ ਕਾਇਨਾਤ ਨੂੰ ਸੰਸਾਰ ਵਿੱਚ ਪਸਰੀਆਂ ਅੱਖਾਂ ਰਾਹੀਂ ਵੇਖਦਾ ਹੈ । ਕੁਦਰਤ ਦੇ ਪ੍ਰਗਟ ਹੋਣ ਦਾ ਨਜ਼ਾਰਾ ਹੀ ਪ੍ਰਮਾਤਮਾ ਦਾ ਪ੍ਰਤਾਪ ਹੈ ਜੋ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਅਨੁਭਵ ਕੀਤਾ ਜਾ ਸਕਦਾ ਹੈ । ਜੀਵ ਅਨੁਭਵ ਨਾਲੋਂ ਪ੍ਰਾਪਤੀ ਵੱਲ ਜਿਆਦਾ ਸੁਚੇਤ ਹੋਣ ਕਰਕੇ ਇਸ ਸੰਸਾਰ ਵਿੱਚ ਭਰਮ ਕਰਕੇ ਮੋਹ ਮਾਇਆ ਦੇ ਜਾਲ ਵਿੱਚ ਫਸਿਆ ਰਹਿੰਦਾ ਹੈ ।ਜੀਵ ਆਪਣੀ ਕਰਨੀ ਅਤੇ ਸੰਕੀਰਨ ਸੋਚ ਕਰਕੇ ਦੋਹਾਗੁਣ ਦੀ ਜ਼ਿੰਦਗੀ ਬਤੀਤ ਕਰਦਾ ਹੈ । ਖਸਮ ਵਿਸਾਰ ਰਸਤੇ ਤੋਂ ਭੱਟਕੀਆਂ ਰੂਹਾਂ ਵਾਂਗ ਨਿਮਾਣੀਆਂ ,ਮੈਲੇ ਵੇਸ ਕਰਕੇ ਕਾਮਣ ਦਾ ਦੁੱਖ ਪਾਉਂਦੀਆਂ ਹਨ । ਸੋਹਾਗੁਣ ਪਤੀ ਪ੍ਰਮੇਸ਼ਵਰ ਲਈ ਗੁੱਣਾ ਦਾ ਸਿੰਗਾਰ ਕਰਦੀਆਂ ਹਨ । ਸਦ ਕਰਮ ਕਰਕੇ ਪੂਰਬ ਲਿਖੇ ਫਲਾਂ ਨੂੰ ਉਸਦੀ ਨਦਰ ਪ੍ਰਵਾਨ ਕਰਕੇ ਆਪਣੇ ਆਪ ਨੂੰ ਪ੍ਰਮਾਤਮਾ ਵਿੱਚ ਲੀਨ ਕਰ ਲੈਂਦੀਆਂ ਹਨ । ਅੰਤਰ ਮਨ ਵਿੱਚ ਸ਼ਬਦ ਨੂੰ ਵਸਾ ਕੇ ਪ੍ਰਮਾਤਮਾ ਦਾ ਹੁਕਮ ਪ੍ਰਵਾਨ ਕਰਦੀਆਂ ਹਨ । ਸੋ ਗੁਰਮੁਖ ਰੂਹਾਂ ਮਾਲਕ ਦੇ ਭਾਣੇ ਵਿੱਚ ਰਹਿ ਨਿਰਹੰਕਾਰ ਹੋਕੇ ਦਰ ਪ੍ਰਵਾਨ ਹੁੰਦੀਆਂ ਹਨ ਜੋ ਮਨ ਤੋਂ ਪਤੀ ਪ੍ਰਮਾਤਮਾ ਨੂੰ ਪਿਆਰ ਕਰਦੀਆਂ ਹਨ । ਗੁਰਮੁਖ ਜੀਵ ਆਤਮਾਵਾਂ ਆਪਣੇ ਪੂਰਬਲੇ ਸੰਜ਼ੋਗ ਨੂੰ ਮਸਤਕ ਦੇ ਭਾਗ ਪ੍ਰਵਾਨ ਕਰਕੇ ਦੁਰਮਤ ਦੀ ਭੱਟਕਣ ਤੋਂ ਬਚੀਆਂ ਰਹਿੰਦੀਆਂ ਹਨ ।