ਇਹ ਮੇਰੀ ਪਹਿਲੀ ਕਵਿਤਾ ਸੀ..... ਨਿੱਜੀ ਅਨੁਭਵ ਚੋਂ ਉਪਜੀ....ਸਤਵੀਂ ਜਮਾਤ ਚ ਸੀ ਮੈਂ ਤਦ...!
ਰਾਤੀਂ ਸੁਪਨੇ ਚ ਮੈਂ..
ਤੁਰੀਂ ਸਾਂ ਓਹਨੀਂ ਰਾਹੀਂ ..
ਜਿਨਾਂ ਤੋਂ ਦੀ ਲੰਘ ਕੇ ਕਦੀ ...
ਸੱਸੀ ਗਈ ਸੀ ਥਲਾਂ ਦੇ ਦੇਸ਼...
ਅਚਾਨਕ ਮੈਨੂੰ ਆਂ ਮਿਲੀ ..
ਸੱਸੀ ਆਪ ਉਸ ਰਾਹ ਤੇ...
ਤੇ ਮੈਂ ਹੈਰਾਨ ਸਾਂ...
ਇਹ ਕਿਵੇਂ ਜਾਗ ਪਈ...
ਉਸ ਸਦੀਵੀ ਨੀਂਦ ਚੋਂ...
ਆਖਿਰ ਇਥੇ ਹੀ ਤਾਂ ਕਿਤੇ ਸੀ...
ਸੱਸੀ ਤੇ ਪੁੰਨੂੰ ਦੀਆਂ ਕਬਰਾਂ....
ਮੇਰੇ ਤੋਂ ਰਹਿ ਨਾ ਹੋਇਆ ਤੇ ..
ਆਖਿਰ ਮੈਂ ਪੁਛ ਹੀ ਲਿਆ..
ਤੂੰ ਇਥੇ ਕਿਥੇ ਸੱਸੀ....
ਤੇਰੀ ਤਾਂ ਆਪਣੀ ਕਬਰ ਹੈ....
ਸੁਣ ਮੇਰੀਆਂ ਗਲਾਂ...
ਸੱਸੀ ਮੁਸਕੁਰਾਈ,ਉਦਾਸ ਹੋਈ ਤੇ ਫਿਰ...
ਚੁੱਪ ਹੋ ਗਈ...
ਫਿਰ ਖਾਮੋਸ਼ੀ ਦੀ ਦੀਵਾਰ ਤੋੜ ਕੇ ਬੋਲੀ...
ਸੁਣ ਨੀਂ ਭੋਲੀ ਕੁੜੀਏ...
ਮੇਰੀ ਕਬਰ ਹੁਣ ਸਿਰਫ ...
ਥਲਾਂ ਚ ਕਿਥੇ ਰਹਿ ਗਈ..
ਸੱਸੀ ਤਾਂ ਹੁਣ ਮਰਦੀ ਹੈ...
ਹਰ ਰੋਜ਼ ਕਿਤੇ ਨਾ ਕਿਤੇ...
ਇਸ ਧਰਤੀ ਦੇ ਹਰ ਸ਼ਹਿਰ ਚ...
ਹੁਣ ਤਾਂ ਮੇਰੀਆਂ ਕਿੰਨੀਆਂ ਹੀ ਕਬਰਾਂ ਨੇ...
ਕਿੰਨੀਆਂ ਮਾਵਾਂ ਦੀ ਕੁਖ ਚ....
ਤੇ ਕਿੰਨੇ ਖਾਮੋਸ਼ ਚੁਬਾਰਿਆਂ ਚ...
ਕਿਤੇ ਤਲਵਾਰਾਂ ਦੀਆਂ ਧਾਰਾਂ ..
ਤੇ ਕਿਤੇ ਜ਼ਹਿਰ ਦੀਆਂ ਸ਼ੀਸ਼ੀਆਂ ਚ...
ਸੱਸੀ ਹੁਣ ਮੁਹਬੱਤ ਹੀ ਨਹੀਂ...
ਹੋਰ ਬਹੁਤ ਕੁਝ ਲਈ ਵੀ ਜਾ ਬਹਿੰਦੀ ਹੈ...
ਕਬਰਾਂ ਦੇ ਰਾਹੀਂ...
ਮੈਂ ਅਚਾਨਕ ਤ੍ਰਭਕ ਕੇ ਜਾਗ ਪਾਈ...
ਤੇ ਸੋਚਿਆ ਕਿ ਸੱਸੀ ਆਖਿਰ ...
ਸਚ ਹੀ ਤਾਂ ਆਖਦੀ ਹੈ...