ਸ਼ਾਮ
ਅੱਜ ਦੀ ਸ਼ਾਮ ਉਦਾਸੀ ਹੈ
ਦੂਰ ਪਹਾੜਾਂ ਤੇ ਬਦਲੀ
ਮੈਨੂੰ ਤੇਰੇ ਵਰਗੀ ਜਾਪੀ ਹੈ
ਤੇ ਹਰ ਇਕ ਸ਼ਾਮ ਦਾ ਰੰਗ ਸਜਨਾ
ਹੈ ਉਸੇ ਸ਼ਾਮ ਦੇ ਰੰਗ ਵਰਗਾ
ਤੇ ਮੇਰੀ ਜਿੰਦਗੀ ਦੀ ਹਰ ਸ਼ਾਮ
ਮੇਰੇ ਵਾਂਗ ਅਭਾਗੀ ਹੈ
ਹਰ ਇਕ ਮੇਰੀ ਸ਼ਾਮ ਤਾਂ ਸਜਨਾ
ਹੰਝੂਆਂ ਵਿਚ ਸਮਾਈ ਹੈ
ਤੇ ਹੌਕਿਆਂ ਨਾਲ ਪਰਨਾਈ ਹੈ
ਤੇ ਇਸ ਦੇ ਕਰਮਾਂ ਵਿਚ ਜੋ ਲਾੜਾ
ਸੂਰਜ ਇਸ ਦਾ ਦਾਗੀ ਹੈ
ਉਸੇ ਸ਼ਾਮ ਦੇ ਰੰਗ ਬਦਲੇ
ਮੈਨੂੰ ਤੇਰਾ ਰੰਗ ਮੁਬਾਰਕ ਹੋਇਆ
ਤੇ ਹਰ ਤਾਰੇ ਨਾਲ ਮੇਰੀ ਅਖੜੀ
ਸਾਰੀ ਰਾਤ ਹੀ ਜਾਗੀ ਹੈ
ਜੀ ਕਰਦੈ ਮੇਰਾ ਅੱਜ ਸਜਨਾ
ਮੈਂ ਉਸੇ ਸ਼ਾਮ ਦੇ ਗਮ ਨੂੰ ਲੈ ਕੇ
ਧੁਪ ਦੇ ਸ਼ਹਿਰ 'ਚ ਮਰ ਜਾਵਾਂ
ਤੇ ਇਹੋ ਹੀ ਗਲ ਕਿਰਨਾਂ ਨੇ
ਸੂਰਜ ਦੀ ਕੰਨੀਂ ਆਖੀ ਹੈ
ਜਿਹਦੀ ਧੁਪ ਅਜ ਗਈ ਸਰਾਪੀ ਹੈ
ਜਿਹਦਾ ਸੂਰਜ ਵਡਾ ਪਾਪੀ ਹੈ
ਤੇ ਤਦ ਹੀ ਸ਼ਾਮ ਉਦਾਸੀ ਹੈ
ਦੂਰ ਪਹਾੜਾਂ ਤੇ ਬਦਲੀ
ਮੈਨੂੰ ਮੌਤ ਮੇਰੀ ਵਾਂਗ ਜਾਪੀ ਹੈ
ਅੱਜ ਦੀ ਸ਼ਾਮ ਦਾ ਰੰਗ ਸਜਨਾ
ਹੈ ਉਸੇ ਸ਼ਾਮ ਦੇ ਰੰਗ ਵਰਗਾ
ਤੇ ਇਹ ਸ਼ਾਮ ਬੜੀ ਵਡਭਾਗੀ ਹੈ