ਕਿਤੋਂ ਹੈ ਟੁੱਟਿਆ ਸ਼ੀਸ਼ਾ, ਕਿਤੋਂ ਹੈ ਤਿੜਕਿਆ ਸ਼ੀਸ਼ਾ |
ਜਮਾਨੇ ਦਾ ਨਹੀਂ ਮਿਲਦਾ ਕਿਤੋਂ ਵੀ ਸਾਬਤਾ ਸ਼ੀਸ਼ਾ |
ਉਨ੍ਹਾਂ ਨੂੰ ਧੁੱਪ ਦਾ ਅਸਲੀ ਕਦੇ ਚਿਹਰਾ ਨਹੀਂ ਦਿਸਣਾ,
ਜਿਨ੍ਹਾਂ ਅੱਖਾਂ 'ਤੇ ਕਾਲੇ ਰੰਗ ਦਾ ਹੈ ਲਾ ਲਿਆ ਸ਼ੀਸ਼ਾ |
ਦਿਸੇ ਮਿੱਤਰ, ਦਿਸੇ ਦੁਸ਼ਮਣ, ਦਿਸੇ ਵਾਕਫ ਤੇ ਨਾ ਵਾਕਫ,
ਕਦੇ ਆਪਾ ਨਹੀਂ ਦਿਸਿਆ ਬੜਾ ਮੈਂ ਵੇਖਿਆ ਸ਼ੀਸ਼ਾ |
ਤੁਸੀਂ ਹੀ ਹੋਰ ਚਿਹਰਾ ਲਾ ਕੇ ਅੱਜ ਇਸ਼ਨਾਨ ਕੀਤਾ ਹੈ,
ਕਿਸੇ ਨੇ ਗੁਸਲਖਾਨੇ ਦਾ ਨਹੀਂ ਹੈ ਬਦਲਿਆ ਸ਼ੀਸ਼ਾ |
ਨ ਮਿਲਿਆ ਸੀ ਜੋ ਦਫਤਰ ਜਾਣ ਵੇਲੇ ਦਿਨ ਚੜ੍ਹੇ ਤੱਕ ਵੀ,
ਹਨ੍ਹੇਰਾ ਪੈਣ 'ਤੇ ਘਰ ਚੋਂ ਕਿਵੇਂ ਉਹ ਮਿਲ ਗਿਆ ਸ਼ੀਸ਼ਾ |
ਫਹੇ ਹਰ ਜ਼ਖਮ 'ਤੇ ਧਰਦਾ ਸਦਾ ਤਰਸੇਮ ਰਹਿੰਦੇ, ਪਰ
ਕਿਸੇ ਨੇ ਓਸ ਦੀ ਅੱਖ ਦਾ ਕਦੇ ਨਾ ਪੂੰਝਿਆ ਸ਼ੀਸ਼ਾ |
ਡਾ. ਐਸ. ਤਰਸੇਮ (ਅੱਖ ਦਾ ਸਮੁੰਦਰ ਵਿੱਚ ਸੰਪਾਦਿਤ)