ਮੀਰ, ਗ਼ਾਲਿਬ, ਦਾਗ ਹੈ ਸੀ ਸ਼ਿਵ ਕੁਮਾਰ।
ਸ਼ਇਰਾਂ ਦਾ ਤਾਜ ਹੈ ਸੀ ਸ਼ਿਵ ਕੁਮਾਰ।
ਸ਼ੈਲੇ ਅਤੇ ਕੀਟਸ ਸੀ ਉਹ ਪੰਜਾਬ ਦਾ,
ਸੂਹਾ ਫ਼ੁੱਲ ਗੁਲਾਬ ਹੈ ਸੀ ਸ਼ਿਵ ਕੁਮਾਰ।
ਅੱਥਰੂਆਂ ਦੀ ਕਥਾ ਦਾ ਸਮਰਾਟ ਸੀ,
ਸੋਗ਼ ਦਾ ਮਹਿਤਾਬ ਹੈ ਸੀ ਸ਼ਿਵ ਕੁਮਾਰ।
ਚੜ੍ਹੀ ਰਹਿੰਦੀ ਸੀ ਖ਼ੁਮਾਰੀ ਨਜ਼ਮ ਦੀ,
ਖ਼ੁਦ ਵੀ ਬੱਸ ਸ਼ਰਾਬ ਹੈ ਸ਼ਿਵ ਕੁਮਾਰ।
ਓਸ ਦੇ ਆਂਗਣ 'ਚ ਸਨ ਕਵਿਤਾ ਦੇ ਫ਼ੁੱਲ,
ਸ਼ਇਰੀ ਦਾ ਬਾਗ਼ ਹੈ ਸੀ ਸ਼ਿਵ ਕੁਮਾਰ।
ਸੰਗਮਰਮਰੀ ਜਿਸਮ ਹੈ ਸੀ ਓਸਦਾ,
ਹਰ ਕੁੜੀ ਦਾ ਖ਼ਾਬ ਹੈ ਸੀ ਸ਼ਿਵ ਕੁਮਾਰ।
ਨਿਰਸੰਦੇਹ ਬਿਰਹਾ ਦਾ ਉਹ ਸੁਲਤਾਨ ਸੀ,
ਦਰਦ ਦਾ ਇਕ ਰਾਗ਼ ਹੈ ਸੀ ਸ਼ਿਵ ਕੁਮਾਰ।
ਨਾ ਉਹਦੇ ਕੋਲ਼ ਮਹਿਲ ਸਨ ਨਾ ਮਾੜੀਆਂ,
ਫ਼ਿਰ ਵੀ ਇਕ ਨਵਾਬ ਹੈ ਸੀ ਸ਼ਿਵ ਕੁਮਾਰ।
ਕੀ ਮੁਹੱਬਤ ਦਾ ਸ਼ਹਿਰ ਹੈ ਉਸ ਬਿਨਾਂ,
ਪਿਆਰ ਦਾ ਸਿਰਤਾਜ ਹੈ ਸੀ ਸ਼ਿਵ ਕੁਮਾਰ।
ਸੀ ਉਹ ਲੂਣਾ ਦੇ ਨੇਹੁੰ ਦਾ ਤਰਜਮਾਨ,
ਹੀਰ ਦਾ ਵੈਰਾਗ਼ ਹੈ ਸੀ ਸ਼ਿਵ ਕੁਮਾਰ।
ਮੌਤ ਨੂੰ ਵਰਦਾਨ ਹੈ ਸੀ ਸਮਝਦਾ,
ਮੌਤ ਲਈ ਬੇਤਾਬ ਹੈ ਸੀ ਸ਼ਿਵ ਕੁਮਾਰ।
ਗ਼ੀਤ ਉਹਦੇ ਅਮਰ ਰਹਿਣੇ ਨੇ ਸਦਾ,
ਗ਼ੀਤ ਦੀ ਆਵਾਜ਼ ਹੈ ਸੀ ਸ਼ਿਵ ਕੁਮਾਰ।
ਲੰਡਨ ਵਿਚ ਲੁੱਟੇ ਮੁਸ਼ਾਇਰੇ ਓਸ ਨੇ,
ਕਵਿਤਾ ਦਾ ਉਸਤਾਦ ਹੈ ਸੀ ਸ਼ਿਵ ਕੁਮਾਰ।
ਉਹ ਗਿਆ ਸ਼ਾਇਰੀ 'ਚ ਨ੍ਹੇਰਾ ਛਾ ਗਿਆ,
''ਸਾਥੀ'' ਇਕ ਚਿਰਾਗ਼ ਹੈ ਸੀ ਸ਼ਿਵ ਕੁਮਾਰ।
ਡਾ.ਸਾਥੀ ਲੁਧਿਆਣਵੀ, ਲੰਡਨ