ਮਾਏ ਨੀ ਮੈਨੂੰ ਦੇਹ ਬਿਰਹਾ ਦੀ ਗੁੜਤੀ ।
ਖ਼ਾਰੇ ਪਾਣੀਆਂ ਸੰਗ ਨੁਹਾ ਕੇ,
ਗਲ਼ ਪਾ ਹਿਜਰ ਦੀ ਕੁੜਤੀ ।
ਮਾਏ ਨੀ ਮੈਨੂੰ ਦੇਹ ਬਿਰਹਾ ਦੀ ਗੁੜਤੀ ।
ਵਾਲ਼ੀਂ ਫੇਰ ਜੁਦਾਈ ਦੀ ਕੰਘੀ,
ਵਿੱਚ ਤਾਂਘ ਦਾ ਫੁੱਲ ਇੱਕ ਟੰਗੀਂ,
ਮੀਢੀਆਂ ਵਿੱਚ ਸਬਰ ਸੰਗ ਗੁੰਦੀਂ,
ਕੋਈ ਡੋਰੀ ਪੀੜਾਂ ਰੰਗੀਂ,
ਮਾਏ ਨੀ ਮੈਨੂੰ ਦੇਹ ਬਿਰਹਾ ਦੀ ਗੁੜਤੀ ।
ਨੈਣੀਂ ਪਾਈਂ ਵਫ਼ਾ ਦਾ ਸੁਰਮਾਂ,
ਕਰੀਂ ਦੁਆ ਜੋ ਪਲ ਪਲ ਖੁਰਨਾ,
ਬਣ ਜਏ ਬੇੜੀ ਪਿਆਰ ਦੀ ਝਾਂਜਰ,
ਖ਼ਸਮ ਗੁਲਾਮੀ ਚੰਗੀ,
ਮਾਏ ਨੀ ਮੈਨੂੰ ਦੇਹ ਬਿਰਹਾ ਦੀ ਗੁੜਤੀ ।
ਵਿੱਚ ਜੁਆਨੀ ਚੈਨ ਗੁਆਚਣ,
ਨੈਣ ਵਸਲ ਦੀਆਂ ਰਾਹਾਂ ਵਾਚਣ,
ਸਿਦਕ ਦੀ ਡੋਲੀ ਬੈਠੀ ਕਹਿਸਾਂ,
ਮੈਂ ਇਸ਼ਕੇ ਦੀ ਡੰਗੀ,
ਮਾਏ ਨੀ ਮੈਨੂੰ ਦੇਹ ਬਿਰਹਾ ਦੀ ਗੁੜਤੀ ।
copied from Facebook
Writer -: Sarab Pannu
|