ਸ਼ਹਾਦਤਾਂ ਦੇ ਸੂਰਜ
ਜਦੋਂ ਵਤਨ ਦੀ ਮਿੱਟੀ ਗ਼ੁਲਾਮ ਸੀ
ਸਿਰ-ਹੀਣੀਆਂ ਦੇਹਾਂ ਦੀ ਅਥਾਹ ਭੀੜ ਤਾਂ ਸੀ
ਤਾਂ ਸਿਰਲੱਥ ਯੋਧਿਆਂ ਦੀ ਗਿਣਤੀ ਵੀ ਬਹੁਤੀ ਨਹੀਂ ਸੀ
ਪਰ ਜਿੰਨੀ ਕੁ ਸੀ
ਉਨ੍ਹਾਂ ਦੇ ਇਕੱਲੇ ਇਕੱਲੇ ਵਜੂਦ ਵਿੱਚ
ਤੁਰਦੇ ਸਨ ਕਾਫ਼ਲੇ
ਉਨ੍ਹਾਂ ਦੇ ਜਜ਼ਬਿਆਂ ਦੀ ਇੱਕ ਇੱਕ ਚਿਣਗ ਹੀ ਸੂਰਜ ਸੀ
ਉਨ੍ਹਾਂ ਦੇ ਬੋਲਾਂ ’ਚ ਪਰਬਤਾਂ ਜਿਹਾ ਜੇਰਾ ਸੀ
ਉਨ੍ਹਾਂ ਦੀਆਂ ਸੋਚਾਂ ਸਮੁੰਦਰ ਸਨ
ਉਨ੍ਹਾਂ ਦੇ ਅਕੀਦੇ ਬੁਲੰਦੀ ਦੀ ਸਿਖ਼ਰ ਸਨ।
ਉਨ੍ਹਾਂ ਨੂੰ ਸੁਣਦੀ ਸੀ
ਆਪਣੇ ਵਤਨ ਦੀ ਗ਼ੁਲਾਮ ਮਿੱਟੀ ਦੀ ਵੇਦਨਾ
ਉਨ੍ਹਾਂ ਨੂੰ ਜ਼ਿੱਲਤ ਤੇ ਜ਼ਲਾਲਤ ਵਿੱਚ ਪਿਸ ਰਹੀ
ਲੋਕਾਈ ਦੀ ਪੀੜ ਦਾ ਅਹਿਸਾਸ ਕੋਂਹਦਾ ਸੀ
ਸ਼ਹਾਦਤਾਂ ਦੀ ਉਮੰਗ ਵਿੱਚ ਰੱਤੇ
ਉਹ ਜਰਵਾਣਿਆਂ ਦੀਆਂ ਅੱਖਾਂ ਦੇ ਨਾਸੂਰ ਬਣ ਗਏ
ਤੇ ਆਪਣੇ ਲਹੂ ਦੀ ਤਾਸੀਰ ਪਰਖਣ ਲਈ
ਉਹ ਔਝੜ ਰਾਹਾਂ ’ਤੇ ਤੁਰ ਪਏ
ਵਤਨ ਦੀ ਮਿੱਟੀ ਨੂੰ
ਆਪਣੇ ਮੱਥਿਆਂ ਦਾ ਤਿਲਕ ਬਣਾ ਕੇ
ਆਪਣੇ ਵਜੂਦ ਨੂੰ ਪਰਚਮ ਵਾਂਗ ਝੁਲਾਉਂਦੇ
ਉਹ ਇੱਕ ਮਹਾ-ਸੰਗਰਾਮ ਦੀ ਗਾਥਾ ਲਿਖਣ ਲਈ
ਆਪਣੇ ਲਹੂ ਨੂੰ ਸਿਆਹੀ ਬਣਾਉਂਦੇ ਰਹੇ
ਉਹ ਲੜੇ ਸਨ ਕਿ ਉਨ੍ਹਾਂ ਨੇ ਲੜਨਾ ਹੀ ਸੀ
ਉਹ ਮਰ ਗਏ ਕਿ ਉਨ੍ਹਾਂ ਨੇ ਮਰਨਾ ਹੀ ਸੀ
ਪਰ ਉਹ ਮਰ ਕੇ ਵੀ
ਜ਼ਿੰਦਗੀ ਦੀ ਪਰਿਭਾਸ਼ਾ ਬਦਲ ਗਏ
ਜ਼ਿੰਦਗੀ ਦੇ ਨਾਇਕ ਬਣ ਗਏ
ਬਿਗ਼ਾਨੀਆਂ ਧਰਤੀਆਂ ’ਤੇ ਜਾ ਕੇ
ਆਜ਼ਾਦੀ ਦੀ ਅਲਖ ਜਗਾਉਣੀ ਸੌਖੀ ਨਹੀਂ ਸੀ
ਪਰ ਉਹ ਆਪਣੇ ਅਜ਼ਮ ਦੀ ਲੋਅ ’ਚ ਤੁਰਦੇ ਰਹੇ
ਉਹ ਆਪਣੇ ਅੰਦਰ ਹੀ ਸੂਰਜਾਂ ਦਾ ਸੇਕ ਜਗਾ ਕੇ ਤੁਰੇ ਸਨ
ਇਸੇ ਲਈ ਉਨ੍ਹਾਂ ਦੇ ਰਾਹ ਧੁੰਦਲੇ ਨਹੀਂ ਹੋਏ
ਉਹ ਤੁਰਦੇ ਰਹੇ
ਤੇ ਮੰਜ਼ਲਾਂ ’ਤੇ ਪਹੁੰਚਣ ਦੇ ਗੀਤ ਗਾਉਂਦੇ ਰਹੇ
ਤੇ ਸਰਫ਼ਰੋਸ਼ੀ ਦੀ ਤਮੰਨਾ ਵੀ ਪੂਰੀ ਕਰਦੇ ਰਹੇ
ਇਨਕਲਾਬ ਜ਼ਿੰਦਾਬਾਦ ਦਾ ਮਹਾਨਾਦ ਦੁਹਰਾਉਂਦੇ ਰਹੇ
ਆਪਣੀਆਂ ਸ਼ਹਾਦਤ ਤੇ ਕੁਰਬਾਨੀਆਂ ਨੂੰ
ਕੌਮ ਦੀ ਹਯਾਤ ਬਣਾ ਕੇ ਜੀਣ ਵਾਲੇ ਇਨ੍ਹਾਂ ਯੋਧਿਆਂ ਨੂੰ
ਵਤਨ ਦੀ ਮਿੱਟੀ ਸਲਾਮ ਕਰਦੀ ਹੈ
ਸ਼ਹਾਦਤਾਂ ਦੇ ਇਨ੍ਹਾਂ ਸੂਰਜਾਂ ਦੀ ਲੋਅ ਤੇ ਤਪਸ਼ ਕਰਕੇ ਹੀ
ਸੈਂਕੜੇ ਵਰ੍ਹਿਆਂ ਦੀ ਗ਼ੁਲਾਮੀ ਦਾ ’ਨੇਰਾ ਦੂਰ ਹੋਇਆ
ਜ਼ਿੱਲਤ ਭਰੇ ਜੀਣ ਤੋਂ ਮੁਕਤੀ ਮਿਲੀ
ਕਿਹੜੇ ਕਿਹੜੇ ਨਾਇਕ, ਮਹਾਨਾਇਕ ਨੂੰ ਯਾਦ ਕਰੀਏ
ਕਿਹੜੇ ਕਿਹੜੇ ਸੂਰਜੀ ਚਿਹਰੇ ਨੂੰ ਚਿਤਵੀਏ
ਹਰ ਚਿਹਰੇ ’ਚੋਂ ਸੁਣਾਈ ਦੇਂਦੀ ਏ ਗ਼ਦਰ ਦੀ ਗੂੰਜ
ਬਸੰਤੀ ਚੋਲੇ ਦੀ ਰੰਗਤ ਨਜ਼ਰ ਆਉਂਦੀ ਏ
ਸ਼ਹਾਦਤਾਂ ਅਤੇ ਕੁਰਬਾਨੀਆਂ ਦੇ ਇਨ੍ਹਾਂ ਸੂਰਜਾਂ ਦੀ
ਅਖੰਡ ਕਥਾ ਨੂੰ ਲਿਖ ਰਹੀਆਂ ਨੇ ਕਲਮਾਂ
ਗਾਈਆਂ ਜਾ ਰਹੀਆਂ ਨੇ ਸ਼ਹੀਦਾਂ ਦੀਆਂ ਵਾਰਾਂ ਤੇ ਘੋੜੀਆਂ
ਵਤਨ ਦੇ ਅੰਬਰਾਂ ’ਤੇ ਛਾਇਆ ਗ਼ੁਲਾਮੀ ਦਾ ’ਨੇਰਾ ਪੂੰਝ ਕੇ
ਸੂਹੀ ਸਵੇਰ ਦਾ ਸੂਰਜ ਉਗਾਉਣ
ਆਜ਼ਾਦੀ ਦਾ ਪਰਚਮ ਲਹਿਰਾਉਣ ਵਾਲੇ
ਸ਼ਹਾਦਤਾਂ ਦੀ ਸਾਰੇ ਸੂਰਜਾਂ ਨੂੰ
ਵਤਨ ਦੀ ਮਿੱਟੀ ਦਾ ਸਲਾਮ
ਵਤਨ ਦੇ ਹਰ ਬਸ਼ਿੰਦੇ ਦਾ ਸਲਾਮ
ਵਤਨ ਦੇ ਵਿਰਸੇ ਤੇ ਵਿਰਾਸਤ ਦਾ ਸਲਾਮ
ਸਾਡੇ ਅੱਜ ਨੂੰ ਸਲਾਮਤ ਰੱਖਣ ਲਈ
ਆਪਾ ਕੁਰਬਾਨ ਕਰਨ ਵਾਲੇ
ਸਾਰੇ ਸਿਰਲੱਥ ਯੋਧਿਆਂ ਨੂੰ ਪ੍ਰਣਾਮ ਅਤੇ ਸਲਾਮ
-ਪ੍ਰਮਿੰਦਰਜੀਤ