ਸੁਪਨੇ
ਮੈਂ ਦੇਖ ਰਹੀ ਹਾਂ ਕਿ ,
ਮੇਰੀ ਜਵਾਨ ਹੋ ਰਹੀ ਧੀ ਦੀਆਂ ਅਖਾਂ ਵਿੱਚ
ਸੁਪਨੇ ਤੈਰਨ ਲਗੇ ਨੇ ,
ਹੁਣ ਉਸ ਦੀਆਂ ਅਖਾਂ ਨੂੰ ਗਾੜੇ
ਸ਼ੋਖ ਰੰਗ ਚੰਗੇ ਲਗਦੇ ਨੇ ,
ਉਸਦੀਆਂ ਸੋਚਾਂ ਨੂੰ ਖੰਭ ਲੱਗ ਗਏ ਨੇ ,
ਤੇ ਉਹ ਅਸਮਾਨੀ ਉਡਣਾ ਲੋਚਦੀ ਏ ,
ਉਹ ਹੁਣ ਸ਼ੀਸ਼ੇ ਮੁਹਰੇ ਬੈਠੀ
ਆਪਣਾ ਆਪ ਨਿਹਾਰਦੀ ਰਹੰਦੀ ਏ ,
ਤੇ ਕੋਈ ਸੰਗੀਤਮਈ ਧੁਨ ਉਸ ਦੇ ਬੁੱਲਾਂ 'ਤੇ
ਅਠਖੇਲੀਆਂ ਕਰਦੀ ਰਹੰਦੀ ਏ
ਹੁਣ ਉਸਨੂੰ ਸਜਣਾ-ਸੰਵਰਨਾ
ਆਪਣੇ ਆਪ ਨਾਲ ਗੱਲਾਂ ਕਰਨਾ
ਚੰਗਾ ਲਗਦਾ ਏ
ਉਹ ਖੁਆਬਾਂ ਦੀ ਦੁਨੀਆਂ ਵਿੱਚ ਰਹਿਣਾ ਲੋੜਦੀ ਏ ,
ਚੰਗਾ ਲਗਦਾ ਏ
ਉਸਨੂੰ ਸੁਪਨੇ ਬੁਣਦੀ ਨੂੰ ਦੇਖ ਕੇ
ਦੁਆ ਕਰਦੀ ਹਾਂ ਕਿ ਉਸਦੇ ਸੁਪਨਿਆਂ ਨੂੰ
ਯਥਾਰਥ ਦੀ ਜ਼ਮੀੰ ਮਿਲੇ
ਪਰ ਅਗਲੇ ਹੀ ਪਲ ਡਰ ਜਾਂਦੀ ਹਾਂ ਮੈਂ
ਮੇਰਾ ਆਪਾ ਅੰਦਰ ਤਕ ਕੰਭ ਜਾਂਦੈਂ
ਤੇ ਮੇਰੇ ਤੋਂ ਸਵਾਲ ਕਰਦਾ ਏ ਕਿ
ਇਹ ਇਕ ਲੜਕੀ ਏ
ਤੇ ਲੜਕੀ ਨੂੰ ਤਾਂ ਖਾਬ੍ਹ ਦੇਖਣ ਦਾ ਹੱਕ ਨਹੀ ਹੁੰਦਾ
ਡਰਦੀ ਹਾਂ ! ਕਿਤੇ ਉਡਾਰੀ ਭਰਨ ਤੋਂ ਪਹਿਲਾਂ ਹੀ
ਉਸਦੇ ਖੰਭ ਨਾਂ ਕੱਟ ਦਿੱਤੇ ਜਾਣ,
ਫਿਰ ਸੋਚਦੀ ਹਾਂ
ਨਹੀ ਹੁਣ ਤਾਂ ਜਮਾਨਾ ਬਦਲ ਗਿਆ ਏ
ਹੁਣ ਉਹ ਸਮਝੋਤਿਆਂ ਦੀ ਨੀਹਂ 'ਤੇ
ਆਪਣੀ ਜ਼ਿੰਦਗੀ ਨਹੀ ਬਿਤਾਏਗੀ ,
ਹੁਣ ਉਹ ਆਪਣੀਆਂ ਖੁਸ਼ੀਆਂ ਦੀ
ਕੁਰਬਾਨੀ ਨਹੀ ਦੇਵੇਗੀ
ਹੁਣ ਉਹ ਮੇਰੀ ਤਰਾਂ ਆਪਣੇ ਹਥੀਂ
ਆਪਣੇ ਸੁਪਨਿਆਂ ਦਾ
ਸ਼ੀਸ਼ ਮਹਿਲ ਨਹੀ ਢਾਹੇਗੀ
ਪਰ
ਮੈਂਨੂੰ ਡਰ ਹੈ ਕਿ ਜੇ
ਇਸਨੂੰ ਮਜਬੂਰ ਕੀਤਾ ਗਿਆ ਤਾਂ
ਕਿਤੇ ਕੋਈ ਅਨਹੋਣੀ ਨਾ ਵਾਪਰ ਜਾਵੇ
ਤੇ ਉਸਦੀਆਂ ਅਖਾਂ ਵਿੱਚ
ਤੈਰਦਾ ਸੁਪਨਿਆਂ ਦਾ ਪਾਣੀ ਕਿਤੇ
ਸਮੁੰਦਰ ਨਾ ਬਣ ਜਾਵੇ
ਜਿਸ ਵਿੱਚ ਸਾਰੀ ਲੁਕਾਈ ਡੁੱਬ ਜਾਵੇ,
ਅਗਲੇ ਹੀ ਪਲ ਤ੍ਰਭਕ ਜਾਂਦੀ ਹਾਂ ਮੈਂ
ਤੇ ਵਰਤਮਾਨ ਵਿੱਚ ਪਰਤਦੀ ਹਾਂ
ਤੇ ਜਦ ਧੀ ਨੂੰ ਸ਼ੀਸ਼ੇ ਮੂਹਰੇ ਸਜਦੇ ਸੰਵਰਦੇ
ਦੇਖਦੀ ਹਾਂ ਤਾਂ
ਸਕੂਨ ਦਾ ਸਾਹ ਲੈਦੀ ਹਾਂ ਮੈਂ
ਜਦ ਉਸਦੇ ਨਿਰਛਲ, ਸ਼ਾਂਤ ਤੇ ਦ੍ਰਿੜ
ਚਿਹਰੇ ਵੱਲ ਵੇਖਦੀ ਹਾਂ ਤਾਂ
ਮੇਰਾ ਦਿਲ ਮੈਂਨੂੰ ਕਹਿੰਦਾ ਏ -ਕਿ ਨਹੀ
ਇਹ ਸਮਝੌਤਾ ਨਹੀ ਕਰੇਗੀ
ਹਾਂ 'ਸਿੰਮੀ' ਇਹ ਸਮਝੌਤਾ ਨਹੀ ਕਰੇਗੀ