ਗੱਲ ਸੁਣ ਮਜ਼ਦੂਰਨ ਕੁੜੀਏ
ਨੀਂ ਜਜ਼ਬਾਤਾਂ ਵਿੱਚ ਨਾ ਰੁੜ੍ਹੀਏ
ਤੇ ਨਾ ਬਿਨਾਂ ਖੰਭਾਂ ਤੋਂ ਉੜੀਏ
ਸੁਰਮਾ ਨਾ ਪਾਵੀਂ.......
ਨਾ ਪਾਵੀਂ ਨਾ ਪਾਵੀਂ ਸੁਰਮਾ ਨਾ ਪਾਵੀਂ...।
ਤੂੰ ਨਾ ਤਾਂ ਕੋਈ ਸ਼ਹਿਜਾਦੀ
ਤੇਰੇ ਹਿੱਸੇ ਨਹੀਂ ਆਜ਼ਾਦੀ
ਤੂੰ ਤਾਂ ਵਧਦੀ ਇੱਕ ਆਬਾਦੀ
ਸ਼ਾਹਾਂ ਦਾ ਠਾਠ ਤੇਰੀ ਬਰਬਾਦੀ
ਸੁਰਮਾ ਨਾ ਪਾਵੀਂ.......
ਨਾ ਪਾਵੀਂ ਨਾ ਪਾਵੀਂ ਸੁਰਮਾ ਨਾ ਪਾਵੀਂ...।
ਇਹ ਮਟਕਾਉਣ ਕਿਸੇ ਨਹੀਂ ਦੇਣਾ
ਹੰਝ-ਪਸੀਨੇ ਦੇ ਨਾਲ ਲਹਿਣਾ
ਰਾਕਸ਼ ਬਿਰਤੀਓਂ ਬਚਣਾ ਪੈਣਾ
ਮੇਰਾ ਆਖਾ ਮੰਨ ਲੈ ਭੈਣਾਂ
ਸੁਰਮਾ ਨਾ ਪਾਵੀਂ.......
ਨਾ ਪਾਵੀਂ ਨਾ ਪਾਵੀਂ ਸੁਰਮਾ ਨਾ ਪਾਵੀਂ...।
ਸੁਰਮਾ ਤਾਂ ਅੱਖੀਆਂ ਵਿੱਚ ਪਾਉਂਦੀ
ਜੰਮ ਕੇ ਚੱਜ ਦੇ ਘਰ ਵਿੱਚ ਆਉਂਦੀ
ਰੱਬ ਤੋਂ ਚੰਗੇ ਲੇਖ ਲਿਖਾਉਂਦੀ
ਜੀਅ-ਜੀਅ ਤੋਂ ਜੀ-ਜੀ ਅਖਵਾਉਂਦੀ
ਸੁਰਮਾ ਨਾ ਪਾਵੀਂ.......
ਨਾ ਪਾਵੀਂ ਨਾ ਪਾਵੀਂ ਸੁਰਮਾ ਨਾ ਪਾਵੀਂ...।
ਹਾਰ-ਸ਼ਿੰਗਾਰ ਤੂੰ ਤਾਂ ਲਗਾਵੇਂ
ਜੋਬਨ ਜੇ ਤੇਰੇ ਤੇ ਆਵੇ
ਚਾਅ ਤਾਂ ਜੰਮਦਿਆਂ ਹੀ ਮਰ ਜਾਵੇ
ਭੁੱਖਾ ਢਿੱਡ ਦੁਹਾਈਆਂ ਪਾਵੇ
ਸੁਰਮਾ ਨਾ ਪਾਵੀਂ.......
ਨਾ ਪਾਵੀਂ ਨਾ ਪਾਵੀਂ ਸੁਰਮਾ ਨਾ ਪਾਵੀਂ...।
ਤੂੰ ਜਿਉਂਦੀ ਰਹੇਂ ਸ਼ੁਦੈਣੇ
ਆਪਾਂ ਗਿਣ-ਗਿਣ ਬਦਲੇ ਲੈਣੇ
ਉੱਠ ਤੇ ਜਾਗ ਮੇਰੀਏ ਭੈਣੇ
ਹੁਣ ਨਹੀਂ ਹੋਰ ਭੁਲੇਖੇ ਰਹਿਣੇ
ਸੁਰਮਾ ਨਾ ਪਾਵੀਂ.......
ਨਾ ਪਾਵੀਂ ਨਾ ਪਾਵੀਂ ਸੁਰਮਾ ਨਾ ਪਾਵੀਂ...।
ਆਪਾਂ ਜੰਮਣ ਦੇ ਹੱਕ ਲੈਣੇ ਸੁਰਮਾ ਨਾ ਪਾਵੀਂ.....॥
(ਸੁਰਜੀਤ ਗੱਗ -94633-89628)