ਬਾਲਕ ਸਾਧਕ ਨੇ ਗੁਰੂ ਨੂੰ ਗਿਆਨ ਦੀਖਿਆ ਲਈ
ਕੀਤੀ ਬਿਨੈ ਜੋਦੜੀ
ਬਾਵਜੂਦ ਸਮਝਾਉਣ ਦੇ ਸਾਧਕ ਨਾ ਮੰਨਿਆ
ਤਾਂ ਗੁਰੂ ਤਾੜੀ ਮਾਰ ਕਿਹਾ
ਇਹ ਦੋ ਹੱਥਾਂ ਦੀ ਤਾੜੀ ਦੀ ਆਵਾਜ਼
ਹੁਣ ਜਾ… ਲੱਭ ਇੱਕ-ਹੱਥੀ ਤਾੜੀ ਦੀ ਗੂੰਜ
ਸਾਧਕ ਸੋਚਿਆ ਜੇ ਗਿਆਨ ਇੱਕ-ਹੱਥੀ ਤਾੜੀ
ਤਾਂ ਵਾਕਿਆ ਹੀ ਇਹ ਬੜਾ ਅਦਭੁੱਤ
ਜੰਗਲ ‘ਚ ਸੁੰਝੀ ਥਾਂ ਬੈਠਿਆਂ ਉਸ ਸੁਣੀ
ਪੱਤਿਆਂ ‘ਚੋਂ ਸਰਸਰਾਹਟ
ਇੰਝ ਲੱਗਿਆ ਜਿਉਂ ਹੋ ਗਈ ਤਲਾਸ਼ ਪੂਰੀ
ਸਾਹੋ ਸਾਹੀ ਹੋਇਆ ਸਾਧਕ ਜਦ ਪਰਤਿਆ
ਤਾਂ ਗੁਰੂ ਬੋਲਿਆ ਇਹ ਤਾਂ ਹਵਾ…
ਦੂਜੀ ਵਾਰ ਗੁਰੂ ਕਿਹਾ
ਇਹ ਤਾਂ ਦੂਰ ਵਹਿੰਦੇ ਝਰਨੇ ਦੀ ਆਵਾਜ਼
ਤੀਜੀ ਵਾਰ ਗੁਰੂ ਦੀ ਟਿੱਪਣੀ
ਇਹ ਤਾਂ ਪਾਣੀ ‘ਚ ਮੱਛਲੀ ਦੇ ਤੈਰਨ ਦੀ ਛਪਛਪ
ਚੌਥੀ ਵਾਰ ਗੁਰੂ ਦੱਸਿਆ
ਇਹ ਤਾਂ ਤਿਤਲੀ ਦੇ ਪਰਾਂ ਦੀ ਹਿਲਜੁਲ
ਅਗਲੀ ਦਫ਼ਾ ਗੁਰੂ ਦਾ ਮੰਨਣਾ ਸੀ
ਇਹ ਤਾਂ ਮੋਮਬੱਤੀ ਦੀ ਲਾਟ ਦੀ ਕੰਬਦੀ ਫੜਫੜਾਹਟ
ਸਮਾਂ ਲੰਘਿਆ… ਸਾਧਕ ਹੋ ਗਿਆ ਪ੍ਰੋਢ
ਇੱਕ ਦਿਨ ਆ ਕੇ ਗੁਰੂ ਮੂਹਰੇ ਬੈਠ ਗਿਆ ਮੌਨ
ਦੇਰ ਤਕ ਕੁਝ ਨਾ ਬੋਲਿਆ
ਕਿਉਂਕਿ ਬੋਲਾਂ ਨਾਲ ਭੰਗ ਹੁੰਦੀ ਸੀ
ਇੱਕ-ਹੱਥੀ ਤਾੜੀ ਦੀ ਆਵਾਜ਼…!
ਮਨਮੋਹਨ