ਪਰ੍ਹਾਂ ਰੱਖ ਦੇ ਕਿਤਾਬਾਂ ਨੂੰ
ਕਲੀਆਂ ਨੂੰ ਛਾਂ ਕਰ ਦੇ
ਪਾਣੀ ਛਿੜਕ ਗੁਲਾਬਾਂ ਨੂੰ
ਦੀਵੇ ਚਾਹੀਦੇ ਬਨੇਰੇ ਨੂੰ
ਹੱਥ ਵਿੱਚ ਕਾਨੀ ਵਾਲਿਆ
ਸੰਨ੍ਹ ਲਾ ਦੇ ਹਨ੍ਹੇਰੇ ਨੂੰ
ਕੋਈ ਖ਼ਬਰ ਨਹੀਂ ਕੱਲ੍ਹ ਦੀ
ਬੈਠ ਕੇ ਪਰੋ ਲੈ ਮਣਕੇ
ਧੁੱਪ ਜਿੰਨਾ ਚਿਰ ਨਹੀਂ ਢਲਦੀ
ਪਾਣੀ ਨਦੀਆਂ ਦੇ ਚੜ੍ਹੇ ਹੋਏ ਆ
ਅਸਾਂ ਪਰਦੇਸੀਆਂ ਦੇ
ਦਿਲ ਦੁੱਖਾਂ ਨਾਲ ਭਰੇ ਹੋਏ ਆ
ਦੋ ਪੱਤੀਆਂ ਗੁਲਾਬ ਦੀਆਂ
ਅੱਖਰਾਂ ‘ਚੋਂ ਅੱਗ ਸਿੰਮਦੀ
ਆਈਆਂ ਖ਼ਬਰਾਂ ਪੰਜਾਬ ਦੀਆਂ
ਔਖਾ ਇਸ਼ਕ ਦਾ ਠਾਣਾ ਵੇ
ਚੁੱਕੀ ਫਿਰੇਂ ਹੱਥਕੜੀਆਂ
ਦਿਲ ਫੜਿਆ ਨਾ ਜਾਣਾ ਵੇ
ਜਿੰਦੇ ਵੱਜ ਗੇ ਮਕਾਨਾਂ ਨੂੰ
ਜੇ ਦੋ ਦਿਲ ਨਾ ਮਿਲਦੇ
ਪੈਂਦਾ ਵਖ਼ਤ ਨਾ ਜਾਨਾਂ ਨੂੰ
ਇੱਕ ਜੋੜਾ ਘੁੱਗੀਆਂ ਦਾ
ਵਿੱਚੋ ਵਿੱਚ ਖਾ ਵੇ ਗਿਆ
ਸਾਨੂੰ ਦੁੱਖ ਅਣਪੁੱਗੀਆਂ ਦਾ
ਖੂਹੀ ਵਿੱਚ ਡੋਲ ਪਿਆ
ਤਿੰਨ ਦਿਨ ਰਿਹਾ ਰੁੱਸਿਆ
ਅੱਜ ਮਾਹੀਆ ਬੋਲ ਪਿਆ।
ਸੁਖਵਿੰਦਰ ਅੰਮ੍ਰਿਤ - ਮੋਬਾਈਲ: 98555-44773