ਮਿੱਟੀ ਪੰਜਾਬ ਦੀ
ਵੱਸਦਾ ਸੋਹਣਾ ਦੇਸ ਪੰਜਾਬ ਜਿੱਥੇ,
ਐਸੀ ਮਿਲੇ ਨਾ ਵਿਚ ਸੰਸਾਰ ਮਿੱਟੀ,
ਪੰਜਾਂ ਪਾਣੀਆਂ ਤੇ ਸੂਰਜ ਨਾਲ ਰਲਕੇ,
ਹਰਿਆਵਲ, ਰਿਜਕ ਦਿੰਦੀ ਬੇਸ਼ੁਮਾਰ ਮਿੱਟੀ |
ਆਰੀਅਨ, ਯੂਨਾਨੀ, ਅਰਬੀ, ਤੁਰਕ, ਪਠਾਣ
ਚੜ੍ਹੇ ਮੱਲਣ, ਤੱਕ 'ਹੁਸਨ ਪਰੀ' ਸ਼ਾਹਕਾਰ ਮਿੱਟੀ,
ਮੁਗਲ ਫਿਰੰਗੀਆਂ ਸਣੇ ਰੁਲ ਗਈ ਝੰਡ ਸਭ ਦੀ,
ਐਸੀ ਤਿਲਕਵੀਂ ਹੈ ਇਹ ਖਿਡਕਾਰ ਮਿੱਟੀ |
ਲੈ ਅਸੀਸ ਨਾਨਕ ਜਿਹੇ ਸੂਰਜ ਦੀ,
ਮੌਲੀ ਲੋਅ ਵਿਚ, ਛੱਡ ਅੰਧਕਾਰ ਮਿੱਟੀ,
ਦਿੱਤਾ ਲਹੂ ਨਾਲ ਸਿੰਜਕੇ ਖਾਲਸੇ ਨੇ,
ਓੜਕ ਮੰਗਦੀ ਸੀ ਜੋ ਪਿਆਰ ਮਿੱਟੀ |
ਉਨ੍ਹਾਂ ਠੱਲ੍ਹ ਪਾਈ ਐਸੀ ਜਰਵਾਣਿਆਂ ਨੂੰ,
ਫ਼ਿਰ ਸਕਿਆ ਨਾ ਕੋਈ ਲਲਕਾਰ ਮਿੱਟੀ,
ਖੁਲ੍ਹੇ ਸਦੀਆਂ ਦੇ ਦਿੱਤੇ ਨੀ ਭੀੜ ਬੂਹੇ,
ਹੋਈ ਮੁੜ ਕੇ ਗੁਲੋ ਗੁਲਜ਼ਾਰ ਮਿੱਟੀ |
ਜਿਸ ਕੌਮ ਨੇ ਸਾਂਭੀ ਵਾਂਗ ਬੱਚਿਆਂ,
ਰੱਖੀ ਮਾਂ ਦੀ ਤਰਾਂ ਸਤਕਾਰ ਮਿੱਟੀ,
ਉਹਨੂੰ ਕਿਉਂ ਨਾ ਦਏ ਅਸੀਸ ਮਾਂ ਦੀ,
ਭਰ ਜਿੰਦਗੀ ਸੰਗ ਬਹਾਰ ਮਿੱਟੀ |
ਜਗਜੀਤ ਸਿੰਘ ਜੱਗੀ
ਸ਼ਾਹਕਾਰ - masterpiece;
ਮੌਲੀ - ਵਧੀ ਫੁੱਲੀ, ਤਰੱਕੀ ਕੀਤੀ;
ਐਸੀ ਤਿਲਕਵੀਂ ਹੈ ਇਹ ਖਿਡਕਾਰ - ਇਹ ਮਿੱਟੀ ਇੰਨੀ ਤਿਲਕਵੀਂ ਅਤੇ ਖਿਲਾੜੀ ਹੈ ਇਸਨੇ ਕਿਸੇ ਦਾ ਵੀ ਰਾਜ ਬਹੁਤੀ ਦੇਰ ਨਹੀਂ ਚੱਲਣ ਦਿੱਤਾ |
ਖੁਲ੍ਹੇ ਸਦੀਆਂ ਦੇ ਦਿੱਤੇ ਨੀ ਭੀੜ ਬੂਹੇ - ਦਰਾ ਖ਼ੈਬਰ ਆਦਿਕ ਥਾਂਵਾਂ ਜਿੱਥੋਂ (Aryans, Greeks, Arabs, Turks, Pathans, Moghuls etc.) ਹਮਲਾਵਰ ਸਦੀਆਂ ਤੋਂ ਹਿੰਦੁਸਤਾਨ ਤੇ ਚੜ੍ਹਾਈਆਂ ਕਰਦੇ ਰਹੇ ਸਨ ਸਭ ਬੰਦ ਕਰ ਦਿੱਤੇ ਗਏ |
ਮੌਲੀ = ਵਧੀ ਫੁੱਲੀ, ਤਰੱਕੀ ਕੀਤੀ
ਐਸੀ ਤਿਲਕਵੀਂ ਹੈ ਇਹ ਖਿਡਕਾਰ = ਇਹ ਮਿੱਟੀ ਇੰਨੀ ਤਿਲਕਵੀਂ ਅਤੇ ਖਿਲਾੜੀ ਹੈ ਇਸਨੇ ਕਿਸੇ ਦਾ ਵੀ ਰਾਜ ਬਹੁਤੀ ਦੇਰ ਨਹੀਂ ਚੱਲਣ ਦਿੱਤਾ |