|
ਚਸ਼ਮਦੀਦ ਤੂੰ ! |
ਚਸ਼ਮਦੀਦ ਤੂੰ !
ਚਾਨਣ ਵਾਜਾਂ ਮਾਰ ਰਿਹਾ,
ਕੁੱਕੜ ਬਿਗੁਲ ਵ੍ਜਾ ਰਿਹਾ,
ਸੂਰਜ ਦੇ ਜੁਗਨੂੰ ਫੌਜੀ ਨੇ,
ਚੰਨ ਦੇਕੇ ਫਰਮਾਨੀ ਜਾ ਰਿਹਾ,
ਸੁਣ, “ਮਾਸੂਮ” ਝੀਲਾਂ ਦਾ,
ਪਾਣੀ ਦੁਹਾਈ ਪਾ ਰਿਹਾ,
ਕਿਤੇ “ਸੋਚ” ਨੂੰ ਕੈਦ ਨਾ ਹੋ ਜਾਵੇ,
ਕਿਤੇ ਇਹ ਅਨਰਥ ਨਾ ਹੋ ਜਾਵੇ,
ਤੈਨੂੰ ਆਪ ਜਗਾਵਣ ਆ ਗਿਆ I
“ਕਦਰ” ਰੋਂਦੀ ਮਿਲੀ,
ਕਿ “ਕੀਮਤ” ਵਿੱਕ ਗਈ,
“ਰੁੱਖ” ਸੌਂ ਰਿਹਾ,
“ਫਲ਼” ਨਸ਼ੇ ਵਿੱਚ,
ਪੱਤਾ ਕੀਹਨੂੰ ਹਵਾ ਝੱਲਾਵੇਗਾ?
ਪੰਛੀ ਕੀਹਦੀ ਟਾਹਣੀ ਆਵੇਗਾ?
“ਰਾਹ” ਬਿਲਕਦਾ “ਰਾਹੀ ਲਈ,
ਕਦੋਂ ਕੋਈ ਪਾਂਧੀ ਆਵੇਗਾ I
“ਪਾਣੀਂ” ਨੇ ਭੇਸ ਬਦਲ ਲਿਆ,
ਨਾ “ਮੁਸਾਫਿਰ” ਦੀ ਪਿਆਸ ਬੁਝਾਵੇਗਾ I
“ਗੀਤ” “ਜ਼ਖਮੀਂ” ਪਿਆ,
“ਸੰਘ” ਸ਼ਹਕ ਰਿਹਾ,
ਨਾ ਕੋਈ “ਅਖਰ” “ਗੀਤ” ਨੂੰ ਗਾਵੇਗਾ I
“ਬੱਦਲ” ਵਿੰਨਿਆ ਹੈ ਤੀਰਾਂ ਨਾਲ,
“ਘਟਾਵਾਂ” ਇੱਕਲੀਆਂ ਨਿਹਥੀਆਂ ਨੇ,
ਨਾ ਵਰੇਗਾ ਮੀਂਹ,
ਨਾ ਬੱਦਲ ਮੁੜ ਛਾਵੇਗਾ I
ਤੂਫਾਨ “ਨੱਚ” ਰਿਹਾ,
“ਸੁਫਨੇ” ਜੋ ਅੱਖਾਂ ਮੀਚ ਲਈਆਂ,
ਬਣ ਬਿੱਲੀ ਉਸਨੂੰ ਢਾਹਵੇਗਾ I
ਸ਼ਸ਼ਸ਼ਸ਼!! ਤੇਰੀ “ਨੀਂਦ” ਵੀ ਸ਼ਾਮਿਲ,
ਸਾਜਿਸ਼ ਵਿਚ !!
“ਸਮੇਂ” ਦਾ ਹੱਥ ਜੇ ਛੁੱਟ ਗਿਆ,
ਤੂੰ ਵੀ ਡੂਂਗੀ ਖਾਈ ਜਾਵੇਂਗਾ I
ਅੱਜ ਹੀ ਸੁਣਵਾਈ ਹੈ !
ਕੱਲ ਤੱਕ ਦੇਰ ਹੋ ਜਾਵੇਗੀ,
ਕੱਲ਼ ਨਹੀਂ ਅਦਾਲਤ ਲੱਗੇਗੀ,
ਨਾ ਜੱਜ ਹੀ ਕੋਈ ਆਵੇਗਾ I
“ਸੋਚ” ਜੇ ਕੈਦੀ ਬਣ ਗਈ,
ਠੰਡੇ ਪੱਥਰਾਂ ਤੇ ਉੱਕਰੇਗੀ,
ਤੇ “ਵਕ਼ਤ” ਤਰੀਕਾਂ ਵਾਹਵੇਗਾI
ਚਸ਼ਮਦੀਦ ਤੂੰ !
ਹਾਲਾਤ ਦੇ ਚਸ਼ਮਦੀਦ ਗਵਾਹ ਹੋਕੇ ਵੀ,
ਜੇ ਅਸਲੀਅਤ ਨਾ ਤੋਲੀ,
ਤਾਂ “ਅੱਜ” ਨੂੰ ਫਾਂਸੀ ਹੋਵੇਗੀ,
“ਕੱਲ” ਕਾਲੇ ਪਾਣੀ ਜਾਵੇਗਾI
– ਲਵੀਨ ਕੌਰ ਗਿੱਲ
|
|
28 Mar 2013
|